hਅੰਮ੍ਰਿਤਸਰ : 5 ਅਕਤੂਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਗ੍ਰਹਿ ਵਿਖੇ ਡਾ: ਧਰਮਿੰਦਰ ਸਿੰਘ ਉੱਭਾ ਦੀ ਰਚਿਤ ਪੁਸਤਕ ‘ਸਵੇਰੇ-ਸਵੇਰੇ’ ਲੋਕ ਅਰਪਣ ਕੀਤੀ। ਪੁਸਤਕ ਬਾਰੇ ਵਿਚਾਰ ਪ੍ਰਗਟ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ‘ਸਵੇਰੇ-ਸਵੇਰੇ’, ਪੁਸਤਕ ਵਿੱਚ ਸਾਰੇ ਹੀ ਲੇਖ ਡਾ: ਧਰਮਿੰਦਰ ਸਿੰਘ ਉੱਭਾ ਦੀ ਸਖਸ਼ੀਅਤ ਵਾਂਗ ਸਮੱਗਰਵਾਦੀ ਰੁਚੀ ਦੇ ਧਾਰਨੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੇਖਾਂ ਰਾਹੀਂ ਦੁੱਖ, ਸੁੱਖ, ਖੁਸ਼ੀ, ਗਮੀ, ਪਿਆਰ-ਮੁਹੱਬਤ, ਅਕਲ-ਗਿਆਨ, ਧਰਮ-ਆਸਥਾ, ਫ਼ਰਜ਼ਸ਼ਨਾਸੀ, ਸਮਾਜੀ-ਰਾਜਸੀ ਚਿੰਤਨ, ਸਭਿਆਚਾਰਕ ਸਰੋਕਾਰ, ਭਾਸ਼ਾਈ ਚੇਤਨਾ ਆਦਿ ਸਾਰੇ ਪੱਖ ਰਲ ਕੇ ‘ਸਵੇਰੇ-ਸਵੇਰੇ’ ਰੂਪੀ ਗੁਲਦਸਤਾ ਬਣੇ ਹਨ। ਉਨ੍ਹਾਂ ਕਿਹਾ ਕਿ ਹਥਲੀ ਪੁਸਤਕ ਵਿਚਲੇ ਸਾਰੇ ਹੀ ਲੇਖਾਂ ਵਿੱਚ ਤੱਥ, ਕੱਥ, ਚਿੰਤਨ ਅਤੇ ਕਾਵਿਕਤਾ ਦਾ ਸੁੰਦਰ ਸੁਮੇਲ ਹੈ। ਇਹ ਲੇਖ ਇਕ ‘ਚਿੰਤਕ ਤੇ ਕਵੀ’ ਦਾ ਸੁਮੇਲ ਹਨ। ਉਨ੍ਹਾਂ ਕਿਹਾ ਕਿ ਡਾ: ਧਰਮਿੰਦਰ ਸਿੰਘ ਉੱਭਾ ਇਕ ਵਿਲੱਖਣ ਚਿੰਤਨ ਦੇ ਮਾਲਿਕ ਹੋਣ ਦੇ ਨਾਲ-ਨਾਲ ਸੂਖਮ ਕਵੀ ਵੀ ਹਨ। ਊਨ੍ਹਾਂ ਕਿਹਾ ਮੇਰੀ ਅਰਦਾਸ ਹੈ ਕਿ ਪ੍ਰਮਾਤਮਾ ਡਾ: ਉੱਭਾ ਦੀ ਕਲਮ ਨੂੰ ਹੋਰ ਵੀ ਨਿਖਾਰੇ ਤੇ ਸਦਾ ਚੜ੍ਹਦੀਆਂ ਕਲਾਂ ਵਿੱਚ ਰਹਿ ਕੇ ਇਸ ਸੰਸਾਰ ਵਿੱਚ ਇਕ ਸੂਹਜ-ਸਿਆਣੇ ਲੇਖਕ ਦੀ ਤਰ੍ਹਾਂ ਵਿਚਰਦੇ ਹੋਏ ਪਾਠਕਾਂ ਦੀ ਝੋਲੀ ਚੜ੍ਹਦੇ ਸੂਰਜ ਦੀ ਸੁਹਾਵਣੀ ਸਵੇਰ ਵਾਂਗ ਗੂੜ੍ਹ ਗਿਆਨ ਦਾ ਫ਼ਲਸਫਾ ਪਾਉਂਦੇ ਰਹਿਣ ਅਤੇ ਇੱਕ ਚਾਨਣ ਮਨਾਰੇ ਦੀ ਤਰ੍ਹਾਂ ਪਾਠਕਾਂ ਦੀ ਅਗਵਾਈ ਕਰਦੇ ਰਹਿਣ।
ਇਸ ਸਮੇਂ ਉਨ੍ਹਾਂ ਨਾਲ ਸ੍ਰ: ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਡਾ: ਗੀਤਾ ਸ਼ਰਮਾ ਡਾਇਰੈਕਟਰ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰੀਸਰਚ,  ਸ੍ਰ: ਜੋਗਿੰਦਰ ਸਿੰਘ ਸਕੱਤਰ, ਡਾ: ਏ ਪੀ ਸਿੰਘ ਡਾ: ਔਲਖ ਆਦਿ ਮੌਜੂਦ ਸਨ।