ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਨੂੰ ਪੱਤਰ ਲਿਖਣਗੇ

logoਅੰਮ੍ਰਿਤਸਰ : ੧੮ ਅਕਤੂਬਰ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੇ ਡਿਊਟੀ ਦੌਰਾਨ ਅੰਮ੍ਰਿਤਧਾਰੀਆਂ ਦੇ ਕ੍ਰਿਪਾਨ ਪਹਿਨਣ ਤੇ ਲਗਾਈ ਰੋਕ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਨੇ ੧੬੯੯ ਈਸਵੀ ਵਿੱਚ ਅੰਮ੍ਰਿਤਪਾਨ ਕਰਾਉਣ ਉਪਰੰਤ ਖਾਲਸੇ ਨੂੰ ਪੰਜਾਂ ਕਕਾਰਾਂ ਕਛਹਿਰਾ, ਕੜਾ, ਕ੍ਰਿਪਾਨ, ਕੰਘਾ ਤੇ ਕੇਸਾਂ ਦੇ ਧਾਰਨੀ ਹੋਣ ਲਈ ਪ੍ਰੇਰਦੇ ਹੋਏ ਇਕ ਵਿਲੱਖਣ ਪਹਿਚਾਣ ਦਿੱਤੀ ਸੀ। ਪਰ ਅਫਸੋਸ ਕਿ ਆਪਣੇ ਹੀ ਦੇਸ਼ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੇ ਪਹਿਨਣ ਤੇ ਪਾਬੰਧੀ ਲਗਾ ਕੇ ਸਮੇਂ ਦੀ ਸਰਕਾਰ ਨੇ ਉਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਹੈ, ਜਦੋਂ ਕਿ ਸਿੱਖ ਪੰਥ ਹਵਾਈ ਜਹਾਜ ਦੇ ਸਫਰ ਸਮੇਂ ਵੀ ੬ ਇੰਚੀ ਕ੍ਰਿਪਾਨ ਪਹਿਨਣ ਦੀ ਇਜਾਜਤ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਏਅਰ ਪੋਰਟ ਅਧਿਕਾਰੀਆਂ ਵੱਲੋਂ ਕ੍ਰਿਪਾਨ ਤੇ ਪਾਬੰਧੀ ਲਗਾਉਣ ਨਾਲ ਦੇਸ਼-ਵਿਦੇਸ਼ ਦੇ ਸਿੱਖਾਂ ਵਿੱਚ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕੇਂਦਰ ਦੀ ਸਰਕਾਰ ਕੋਲੋੰ ਮੰਗ ਕਰਦਿਆਂ ਕਿਹਾ ਕਿ ਦਿੱਲੀ ਏਅਰ ਪੋਰਟ ਤੇ ਅੰਮ੍ਰਿਤਧਾਰੀ ਸਿੰਘਾਂ ਦੇ ਡਿਊਟੀ ਦੌਰਾਨ ਕ੍ਰਿਪਾਨ ਪਹਿਨਣ ਤੇ ਲਗਾਈ ਪਾਬੰਧੀ ਤੋਂ ਤੁਰੰਤ ਰੋਕ ਹਟਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਾਂ ਪਹਿਲਾਂ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਮਾਮਲੇ ਤੇ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ ਉਤੋਂ ਦਿੱਲੀ ਏਅਰ ਪੋਰਟ ਦੇ ਅਧਿਕਾਰੀਆਂ ਵੱਲੋਂ ਨਾਦਰਸ਼ਾਹੀ ਫੁਰਮਾਨ ਜਾਰੀ ਕਰਨ ਨਾਲ ਸਿੱਖਾਂ ਵਿੱਚ ਅਸ਼ਾਂਤੀ ਫੈਲਣ ਦਾ ਡਰ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਨੂੰ ਪੱਤਰ ਲਿਖ ਕੇ ਸਾਰੀ ਸਥਿਤੀ ਤੋਂ ਜਾਣੂੰ ਕਰਵਾਉਂਦੇ ਹੋਏ ਕ੍ਰਿਪਾਨ ਤੇ ਲਗਾਈ ਪਾਬੰਧੀ ਨੂੰ ਤੁਰੰਤ ਹਟਾਉਣ ਲਈ ਅਪੀਲ ਕਰਨਗੇ।