ਅੰਮ੍ਰਿਤਸਰ : 24 ਜੁਲਾਈ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਜਹਾਂਗੀਰ ਦੇ ਗੁਰਦੁਆਰਾ ਸਾਹਿਬ ਵਿਖੇ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅੱਗ ਲਗਾਏ ਜਾਣ ਕਾਰਣ ਝੁਲਸ ਜਾਣ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਮਨਾ ਵਿੱਚ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।
ਗੌਰਤਲਬ ਹੈ ਕਿ ਬੀਤੇ ਦਿਨ ਪਿੰਡ ਜਹਾਂਗੀਰ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਸਮੇਂ ਨਾ ਤਾਂ ਗੁਰਦੁਆਰਾ ਸਾਹਿਬ ਵਿੱਚ ਕੋਈ ਗ੍ਰੰਥੀ ਸਿੰਘ ਮੌਜੂਦ ਸੀ, ਨਾ ਹੀ ਕੋਈ ਸੇਵਾਦਾਰ ਤੇ ਨਾ ਹੀ ਕੋਈ ਗੁਰਦੁਆਰਾ ਕਮੇਟੀ ਦਾ ਪ੍ਰਬੰਧਕ। ਜਿਸ ਤੇ ਕੁਝ ਸ਼ਰਾਰਤੀ ਅਨਸਰਾਂ ਨੇ ਮੌਕਾ ਦੇਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਅੱਗ ਜਿਆਦਾ ਨਾ ਮੱਚਣ ਕਾਰਣ ਰੁਮਾਲਾ ਸਾਹਿਬ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੧੦-੧੧ ਪੰਨੇ ਝੁਲਸ ਗਏ। ਜਦ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਰਾਤ ਸਮੇਂ ਸੁਖਆਸਨ ਕਰਨ ਲਈ ਆਇਆ ਤਾਂ ਉਸ ਨੇ ਪਾਵਨ ਸਰੂਪ ਦੇ ਪੰਨੇ ਅੱਗ ਲੱਗਣ ਕਾਰਣ ਝੁਲਸੇ ਹੋਏ ਪਾਏ । ਮੌਕੇ ਤੇ ਪਹੁੰਚ ਕੇ ਗੁਰਦੁਆਰਾ ਨਾਨਕਸਰ ਵੇਰਕਾ ਦੇ ਮੈਨਜਰ ਸ੍ਰ: ਬਲਜੀਤ ਸਿੰਘ, ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਭਾਈ ਜਤਿੰਦਰ ਸਿੰਘ, ਹੈਡ ਪ੍ਰਚਾਰਕ ਭਾਈ ਜਗਦੇਵ ਸਿੰਘ, ਪ੍ਰਚਾਰਕ ਭਾਈ ਗੁਰਮੀਤ ਸਿੰਘ ਅਤੇ ਹੋਰ ਸਟਾਫ਼ ਪਹੁੰਚੇ ਤਾਂ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਝੁਲਸਿਆ ਹੋਇਆ ਸਰੂਪ ਪੂਰਨ ਗੁਰਮਰਯਾਦਾ ਅਨੁਸਾਰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪਹੁੰਚਾ ਦਿੱਤਾ। ਇਸ ਮੌਕੇ ਸ੍ਰ: ਗੁਲਜਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਨੇ ਵੀ ਤੁਰੰਤ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ। ਪਿੰਡ ਦੇ ਸਰਪੰਚ ਸ੍ਰ: ਜਗਤਾਰ ਸਿੰਘ ਵੱਲੋਂ ਥਾਣਾ ਜਹਾਂਗੀਰ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪਰ ਅਜੇ ਤੀਕ ਕੋਈ ਵੀ ਵਿਅਕਤੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਹ ਸਾਰੀ ਘਟਨਾ  ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਕਾਰਣ ਵਾਪਰੀ ਹੈ। ਉਨ੍ਹਾਂ ਕਿਹਾ ਪਹਿਲਾਂ ਵੀ ਕਈ ਵਾਰੀ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਖਬਰਾਂ ਤੇ ਇਸ਼ਤਿਹਾਰਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪੀਲ ਕੀਤੀ ਜਾ ਚੁੱਕੀ ਹੈ ਕਿ ਗੁਰਦੁਆਰਾ ਸਾਹਿਬ ਨੂੰ ਕਿਸੇ ਸਮੇਂ ਵੀ ਇਕੱਲਿਆਂ ਨਾ ਛੱਡਿਆ ਜਾਵੇ। ਰਾਤ-ਦਿਨ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ ਜਾਂ ਕੋਈ ਸੇਵਾਦਾਰ ਮੌਜੂਦ ਰਹੇ ਤਾਂ ਜੋ ਸ਼ਰਾਰਤੀ ਅਨਸਰ ਇਸ ਦਾ ਨਜਾਇਜ ਫਾਇਦਾ ਉਠਾਉਂਦੇ ਹੋਏ ਗੁਰੂ ਸਾਹਿਬ ਦਾ ਅਪਮਾਨ ਨਾ ਕਰ ਸਕਣ। ਪਰ ਇਸ ਦੇ ਬਾਵਜੂਦ ਵੀ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਤ@ਾਂ ਸਥਾਪਿਤ ਕਰ ਲਏ ਜਾਂਦੇ ਹਨ, ਪਰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਕਿਸੇ ਨੇ ਵੀ ਇਸ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਉਸ ਦੀ ਤੁਰੰਤ ਨਿਸ਼ਾਨਦੇਹੀ ਕਰਕੇ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ।