logoਅੰਮ੍ਰਿਤਸਰ : ੧੪ ਨਵੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੧੧ ਨਵੰਬਰ ਨੂੰ ਬੰਦੀ ਛੋੜ ਦਿਵਸ ਸਮੇਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਨਿਭਾਈ ਗਈ ਭੂਮਿਕਾ ਸਬੰਧੀ ਸਬ-ਕਮੇਟੀ ਦਾ ਗਠਿਨ ਕੀਤਾ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਛੋੜ ਦਿਵਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾ ਵੱਲੋਂ ਨਿਭਾਏ ਗਏ ਰੋਲ ਸਬੰਧੀ ਸ੍ਰ: ਰਜਿੰਦਰ ਸਿੰਘ ਮਹਿਤਾ, ਸ੍ਰ: ਮੋਹਨ ਸਿੰਘ ਬੰਗੀ, ਸ੍ਰ: ਨਿਰਮੈਲ ਸਿੰਘ ਜੌਲਾਂ ਤਿੰਨੋ ਅੰਤ੍ਰਿੰਗ ਮੈਂਬਰ ਅਤੇ ਸ੍ਰ: ਅਵਤਾਰ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਤੇ ਅਧਾਰਿਤ ਸਬ-ਕਮੇਟੀ ਗਠਿਤ ਕੀਤੀ ਹੈ। ਉਨ੍ਹਾਂ ਜਥੇਦਾਰ ਅਵਤਾਰ ਸਿੰਘ ਵੱਲੋਂ ਹਵਾਲਾ ਦੇਂਦਿਆਂ ਕਿਹਾ ਕਿ ਅਖੌਤੀ ਸਰਬੱਤ ਖਾਲਸਾ ਕਰਵਾਉਣ ਵਾਲਿਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸਮਾਦਮਈ ਬਾਣੀ ਦੇ ਕੀਰਤਨ ਦਾ ਅਨੰਦ ਮਾਣ ਰਹੀਆਂ ਸੰਗਤਾਂ ਵਿਚ ਡਰ ਪੈਦਾ ਕਰਨ ਲਈ ਭਾਈ ਧਿਆਨ ਸਿੰਘ ਮੰਡ ਤੇ ਉਨ੍ਹਾਂ ਦੇ ਹੁੱਲੜਬਾਜ ਸਾਥੀਆਂ ਵੱਲੋਂ ਜੋ ਖਲਲ ਪਾਇਆ ਗਿਆ ਅਤੇ ਗੁਰੂ ਘਰ ਦੀ ਮਰਯਾਦਾ ਨੂੰ ਢਾਹ ਲਗਾਈ ਗਈ ਉਹ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਇਹ ਕਹਿ ਰਹੇ ਹਨ ਕਿ ਉਸ ਦਿਨ ਜੋ ਕੁਝ ਵੀ ਹੋਇਆ ਉਹ ਸਭ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧਰਮ ਪ੍ਰਚਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮਾ ਦੀ ਅਣਗਹਿਲੀ ਕਾਰਣ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਣ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮਾ ਤੋਂ ਪੁੱਛ-ਪੜਤਾਲ ਕਰਨ ਲਈ ਇਕ ਕਮੇਟੀ ਦਾ ਗਠਿਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਮੇਟੀ ੧੫ ਦਿਨਾ ਦੇ ਅੰਦਰ-ਅੰਦਰ ਸਾਰੀ ਪੜਤਾਲ ਕਰਕੇ ਇਸ ਦੀ ਰੀਪੋਰਟ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੇਗੀ।