ਅੰਮ੍ਰਿਤਸਰ : 18 ਸਤੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਮਰੀਦ ਕੇ, ਫਤਹਿਗੜ੍ਹ ਚੂੜੀਆਂ (ਗੁਰਦਾਸਪੁਰ) ਦੇ ਗੁਰਦੁਆਰਾ ਸਾਹਿਬ ਵਿਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨਾਂ੍ਹ ਕਿਹਾ ਕਿ ਉਕਤ ਗੁਰਦੁਆਰਾ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਣ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬੁਰੀ ਤਰ੍ਹਾਂ ਝੁਲਣ ਗਏ, ਜੋ ਅਤਿਅੰਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਘਟੀਆ ਕਿਸਮ ਦੀ ਵਾਇਰਿੰਗ ਕਾਰਣ ਤੇ ਪ੍ਰਬੰਧਕਾਂ ਦੀ ਅਣਗਹਿਲੀ ਕਾਰਣ ਹੋਇਆ ਹੈ।

ਉਨ੍ਹਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਗੁਰਦੁਆਰਾ ਸਾਹਿਬਾਨ ਵਿੱਚ ਚੰਗੀ ਕੁਆਲਿਟੀ ਦੀ ਵਾਇਰਿੰਗ ਦੇ ਨਾਲ-ਨਾਲ ਬਿਜਲੀ ਦੇ ਹਾਈ ਕੁਆਲਿਟੀ ਦੇ ਉਪਕਰਨਾਂ ਦੀ ਵਰਤੋਂ ਕਰਨ ਤਾਂ ਜੋ ਅੱਗੇ ਤੋਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ। ਉਨ੍ਹਾਂ ਕਿਹਾ ਕਿ ਰਾਤ ਸਮੇਂ ਜਦ ਸੁਖ ਆਸਣ ਸਾਹਿਬ ਕਰ ਦਿੱਤਾ ਜਾਵੇ ਤਾਂ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਦੇ ਬਿਜਲੀ ਦੇ ਸਾਰੇ ਉਪਕਰਨ ਬੰਦ ਕਰਕੇ ਜਾਣ ਤੇ ਹਰ ਗੁਰਦੁਆਰਾ ਸਾਹਿਬ ਵਿਖੇ ਰਾਤ ਸਮੇਂ ਸੇਵਾਦਾਰ ਡਿਊਟੀ ਤੇ ਤਾਇਨਾਤ ਕੀਤਾ ਜਾਵੇ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ  ਵਾਪਰੇ।