ਅੰਮ੍ਰਿਤਸਰ, 14 ਮਾਰਚ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿਚ ਹਲਕਾ ਧਰਮਕੋਟ (ਮੋਗਾ) ਦੀ ਸੰਗਤ ਨੇ ਲੰਗਰ ਸੇਵਾ ਕੀਤੀ। ਇਸ ਮੌਕੇ ਗੱਲਬਾਤ ਦੌਰਾਨ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਨਾਨਕਸ਼ਾਹੀ ਵਰ੍ਹੇ ਦੀ ਆਰੰਭਤਾ ਮੌਕੇ ੧ ਚੇਤ ਨੂੰ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕਰਨ ਲਈ ਹਲਕੇ ਦੀ ਸੰਗਤ ਸਮੇਤ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿਚੋਂ ਰੋਜ਼ਾਨਾਂ ਲੱਖਾਂ ਸੰਗਤਾਂ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੁੰਦੀਆਂ ਹਨ ਅਤੇ ਇਥੇ ਸੇਵਾ ਕਰਕੇ ਸੰਗਤ ਨੂੰ ਸਕੂਨ ਪ੍ਰਾਪਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਧਰਮਕੋਟ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸੇਵਾ ਕਰਨ ਪਹੁੰਚੀਆਂ ਹਨ। ਉਨ੍ਹਾਂ ਦੱਸਿਆ ਕਿ ਲੰਗਰ ਸੇਵਾ ਲਈ ਸੰਗਤ ਵੱਲੋਂ ਖੰਡ, ਚਾਹ ਪੱਤੀ, ਡਾਲਡਾ ਘਿਉ, ਦੇਸੀ ਘਿਉ, ਮਸਾਲੇ, ਵੇਸਣ, ਦਾਲਾਂ, ਆਟਾ, ਕਣਕ, ਚਾਵਲ, ਸਬਜ਼ੀਆਂ ਆਦਿ ਰਸਦਾਂ ਲਿਆਂਦੀਆਂ ਗਈਆਂ ਹਨ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਦੇ ਮੈਨੇਜਰ ਸ. ਮੁਖਤਾਰ ਸਿੰਘ ਨੇ ਲੰਗਰ ਸੇਵਾ ਲਈ ਆਈਆਂ ਸੰਗਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਤੋਤਾ ਸਿੰਘ ਦੀ ਪਤਨੀ ਬੀਬੀ ਮੁਖਤਿਆਰ ਕੌਰ, ਸ. ਕੁਲਵੰਤ ਸਿੰਘ ਰਿਚੀ ਮੋਗਾ, ਸ. ਸੁਖਵਿੰਦਰ ਸਿੰਘ, ਸ. ਗੁਰਮੀਤ ਸਿੰਘ, ਸ. ਰਜਿੰਦਰ ਸਿੰਘ ਡੱਲਾ, ਡਾ. ਜਸਵਿੰਦਰ ਸਿੰਘ, ਸ. ਗੁਰਦੇਵ ਸਿੰਘ, ਸ. ਗੁਰਤੇਜ ਸਿੰਘ ਕਾਦਰਵਾਲਾ ਸਮੇਤ ਸੰਗਤਾਂ ਮੌਜੂਦ ਸਨ।