ਸਿੱਕਾ ਕੇਂਦਰੀ ਸਿੱਖ ਅਜਾਇਬਘਰ ‘ਚ ਸੰਭਾਲੇਗੀ ਸ਼੍ਰੋਮਣੀ ਕਮੇਟੀ –ਡਾ.ਰੂਪ ਸਿੰਘ
ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦਾ ਸਹਿਯੋਗ ਲਈ ਧੰਨਵਾਦ

ਅੰਮ੍ਰਿਤਸਰ, ੨੨ ਫਰਵਰੀ- ਬੀਤੇ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਨ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਕ ਯਾਦਗਾਰੀ ਸਿੱਕਾ ਤੋਹਫ਼ੇ ਵਜੋਂ ਦਿੱਤਾ ਹੈ। ਇਹ ਸੁਨਹਿਰੀ ਸਿੱਕਾ ਜਸਟਿਨ ਟਰੂਡੋ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਦੋਂ ਦਿੱਤਾ, ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਨਮਾਨਤਿ ਕੀਤਾ ਗਿਆ ਸੀ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ.ਰੂਪ ਸਿੰਘ ਨੇ ਦੱਸਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਨੇ ਪੰਥਕ ਰਵਾਇਤਾਂ ਅਨੁਸਾਰ ਸਨਮਾਨਤ ਕਰਦਿਆਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ, ਸ੍ਰੀ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀ ਮਾਡਲ ਦਿੱਤੇ ਸਨ। ਇਸੇ ਦੌਰਾਨ ਜਸਟਿਨ ਟਰੂਡੋ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਤੋਹਫ਼ੇ ਵਜੋਂ ਇਕ ਸੁਨਹਿਰੀ ਸਿੱਕਾ ਦਿੱਤਾ ਗਿਆ, ਜਿਸ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਸ਼ੀ ਨਾਲ ਪ੍ਰਵਾਨ ਕੀਤਾ। ਉਨ੍ਹਾਂ ਦੱਸਿਆ ਕਿ ਇੱਕ ਸੁੰਦਰ ਬਕਸੇ ਵਿਚ ਪੈਕ ਕਰਕੇ ਦਿੱਤੇ ਗਏ ਇਸ ਸੁਨਹਿਰੀ ਸਿੱਕੇ ‘ਤੇ ਮੈਪਲ ਟਰੀ ਉਕਰਿਆ ਹੋਇਆ ਹੈ। ਡਾ. ਰੂਪ ਸਿੰਘ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਯਾਦਗਾਰੀ ਸਿੱਕੇ ਨੂੰ ਕੇਂਦਰੀ ਸਿੱਖ ਅਜਾਇਬਘਰ ਵਿਚ ਰੱਖਣ ਦਾ ਅਦੇਸ਼ ਕੀਤਾ ਹੈ ਅਤੇ ਇਸ ਕਾਰਜ ਲਈ ਉਨ੍ਹਾਂ ਨੇ ਸਿੱਕਾ ਆਪਣੇ ਨਿੱਜੀ ਸਹਾਇਕ ਸ. ਜਗਜੀਤ ਸਿੰਘ ਜੱਗੀ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਕੀਮਤੀ ਸੌਗਾਤ ਕੇਂਦਰੀ ਸਿੱਖ ਅਜਾਇਬ ਘਰ ਦਾ ਹਿੱਸਾ ਬਣੇਗੀ ਅਤੇ ਇਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਲੀਆਂ ਸੰਗਤਾਂ ਵੀ ਵੇਖ ਸਕਣਗੀਆਂ।
ਇਸੇ ਦੌਰਾਨ ਹੀ ਡਾ. ਰੂਪ ਸਿੰਘ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ ਸੰਗਤਾਂ ਵੱਲੋਂ ਦਿੱਤੇ ਗਏ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੇ ਸਿੱਖ ਬੋਲੇ ਜੈਕਾਰੇ ਗਜਾ ਕੇ ਜਸਟਿਨ ਟਰੂਡੋ ਦਾ ਭਰਵਾਂ ਸਵਾਗਤ ਕਰਦਿਆਂ ਭਰਵਾਂ ਸਹਿਯੋਗ ਦਿੱਤਾ, ਜਿਸ ਲਈ ਅਸੀਂ ਸੰਗਤਾਂ ਦੇ ਰੋਮ ਰੋਮ ਤੋਂ ਰਿਣੀ ਹਾਂ। ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਸਵਾਗਤ ਲਈ ਕੀਤੇ ਗਏ ਉਚੇਚ ਨਾਲ ਸਿੱਖ ਪਰੰਪਰਾਵਾਂ ਨੂੰ ਬਲ ਮਿਲੇਗਾ। ਪਰ ਫਿਰ ਵੀ ਜੇਕਰ ਸੰਗਤ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਈ ਹੋਏ ਤਾਂ ਉਸ ਖਿਮਾ ਮੰਗਦੇ ਹਾਂ।