ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸੋਰਠਿ ਮਹਲਾ ੫ ॥ ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ॥ ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ॥ ੧॥ ਸੋਮਵਾਰ, ੯ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੨੧ ਅਪ੍ਰੈਲ, ੨੦੨੫ (ਅੰਗ: ੬੧੯)

ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਉਚੇਚੇ ਤੌਰ ‘ਤੇ ਪਹੁੰਚਣਗੇ

sਅੰਮ੍ਰਿਤਸਰ 26 ਨਵੰਬਰ (        ) ਸਾਹਿਬੇ ਕਮਾਲ, ਸਰਬੰਸਦਾਨੀ, ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਦਾ 27 ਨਵੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਜਾਵੇਗਾ ਤੇ ਇਸ ਬਾਬਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਜਾਰੀ ਪ੍ਰੈਸ ਬਿਆਨ ‘ਚ ਕੀਤਾ।ਉਨ੍ਹਾਂ ਕਿਹਾ ਕਿ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾਗ੍ਰਿਤੀ ਯਾਤਰਾ ਨਾਲ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ ਇਸ ਜਾਗ੍ਰਿਤੀ ਯਾਤਰਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਅਨੁਸਾਰ ਸਵਾਗਤ ਕੀਤਾ ਜਾਵੇਗਾ।ਉਨ੍ਹਾਂ ਭਾਰਤ ਸਰਕਾਰ, ਬਿਹਾਰ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦਸਮ ਪਿਤਾ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਲਈ ਵੱਡੇ ਪੱਧਰ ‘ਤੇ ਪ੍ਰੋਗਰਾਮ ਉਲੀਕੇ ਹਨ।ਪ੍ਰੋ. ਬਡੂੰਗਰ ਨੇ ਕਿਹਾ ਕਿ ਇਸ ਜਾਗ੍ਰਿਤੀ ਯਾਤਰਾ ਵਿੱਚ ਸ਼ਾਮਿਲ ਸੰਗਤਾਂ ਲਈ ਸਮੁੱਚੀ ਅੰਤ੍ਰਿੰਗ ਕਮੇਟੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ, ਸੰਤਾਂ ਮਹਾਂਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਸਭਾ ਸੁਸਾਇਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਖ-ਵੱਖ ਪੜਾਵਾਂ ‘ਤੇ ਸਵਾਗਤੀ ਗੇਟ ਬਣਾਏ ਜਾਣ ਤੇ ਯਾਤਰਾ ਨੂੰ ਜੀ ਆਇਆਂ ਕਿਹਾ ਜਾਵੇ ਅਤੇ ਲੰਗਰ ਲਗਾਉਣ ਦੇ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾਣ।

ਪ੍ਰੋ. ਬਡੂੰਗਰ ਨੇ ਵਿਸ਼ਾਲ ਜਾਗ੍ਰਿਤੀ ਯਾਤਰਾ ਦੇ ਅਗਲੇਰੇ ਰੂਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 27 ਨਵੰਬਰ ਨੂੰ ਜਾਗ੍ਰਿਤੀ ਯਾਤਰਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਤੋਂ ਚੱਲ ਕੇ ਵਾਇਆ ਕੀਰਤਪੁਰ ਸਾਹਿਬ ਦੁਪਹਿਰ 12:00 ਵਜੇ ਤੀਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ ਜਿਥੇ ਰਾਤ ਦਾ ਵਿਸ਼ਰਾਮ ਹੋਵੇਗਾ।ਇਸੇ ਤਰ੍ਹਾਂ 28 ਨਵੰਬਰ ਨੂੰ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਵਾਇਆ ਗੜ੍ਹਸ਼ੰਕਰ, ਮਾਹਲਪੁਰ, ਹੁਸ਼ਿਆਰਪੁਰ ਤੋਂ ਰਾਮਪੁਰ ਖੇੜਾ (ਗੜ੍ਹਦੀਵਾਲ) ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। 29 ਨਵੰਬਰ ਨੂੰ ਰਾਮਪੁਰ ਖੇੜਾ ਤੋਂ ਚੱਲ ਕੇ ਦਸੂਹਾ, ਟਾਂਡਾ ਤੋਂ ਹੋ ਕੇ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। 30 ਨਵੰਬਰ ਨੂੰ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋਂ ਚੱਲ ਕੇ ਘੁਮਾਣ, ਮਹਿਤਾ ਚੌਂਕ, ਬੋਪਾਰਾਇ, ਨਵਾਂ ਪਿੰਡ, ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ, ਨਿਊ ਅੰਮ੍ਰਿਤਸਰ, ਭਗਤ ਰਵੀਦਾਸ ਰੋਡ, ਸੁਲਤਾਨਵਿੰਡ ਚੌਂਕ ਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਰਾਤ ਦਾ ਵਿਸ਼ਰਾਮ ਕਰੇਗੀ। 1 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਸ੍ਰੀ ਤਰਨ-ਤਾਰਨ, ਸ੍ਰੀ ਖਡੂਰ ਸਾਹਿਬ ਮੀਆਂ ਵਿੰਡ ਖਲਚੀਆਂ ਤੋਂ ਹੋ ਕੇ ਬਾਬਾ ਬਕਾਲਾ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। 2 ਦਸੰਬਰ ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਚੱਲ ਕੇ ਕਰਤਾਰਪੁਰ, ਜਲੰਧਰ, ਫਗਵਾੜਾ, ਲੁਧਿਆਣਾ ਦੇ ਵੱਖ-ਵੱਖ ਅਸਥਾਨਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ (ਲੁਧਿਆਣਾ) ਵਿਖੇ ਰਾਤ ਦਾ ਵਿਸ਼ਰਾਮ ਕਰਨ ਉਪਰੰਤ 3 ਦਸੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ (ਲੁਧਿਆਣਾ) ਤੋਂ ਚੱਲ ਕੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ, ਖੰਨਾ, ਸਰਹੰਦ, ਰਾਜਪੁਰਾ ਤੋਂ ਹੋ ਕੇ ਅੰਬਾਲਾ (ਹਰਿਆਣਾ) ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ, 4 ਦਸੰਬਰ ਨੂੰ ਅੰਬਾਲਾ (ਹਰਿਆਣਾ) ਤੋਂ ਆਰੰਭ ਹੋ ਕੇ ਸ਼ਾਹਬਾਦ, ਪਿੱਪਲੀ, ਤਰਾਵੜੀ, ਕਰਨਾਲ, ਪਾਣੀਪਤ ਵਿਖੇ ਰਾਤ ਦਾ ਵਿਸ਼ਰਾਮ ਕਰਨ ਉਪਰੰਤ ੫ ਦਸੰਬਰ ਨੁੰ ਪਾਣੀਪਤ ਤੋਂ ਚੱਲ ਕੇ ਗਨੌਰ, ਮੂਰਥਲ, ਕਰਨਾਲ ਬਾਈਪਾਸ ਮਜਨੂੰ ਟਿੱਲਾ, ਦਿੱਲੀ ਵਿਖੇ ਪੁਜੇਗੀ ਇਸ ਉਪਰੰਤ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਵਾਪਸ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਜਾ ਕੇ ਸੰਪੂਰਨ ਹੋਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਾਗ੍ਰਿਤੀ ਯਾਤਰਾ ਵਿੱਚ ਹੁੰਮ-ਹੁੰਮਾ ਕੇ ਸ਼ਾਮਿਲ ਹੋਣ ਤੇ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੋਣ ਅਤੇ ਦਸਮ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ।