ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਮੁੱਚਾ ਵਿਸ਼ਵ ਸ਼ਰਧਾ ਭਾਵਨਾ ਨਾਲ ਮਨਾਏਗਾ : ਪ੍ਰੋ. ਬਡੂੰਗਰ

3-copyਅੰਮ੍ਰਿਤਸਰ ੧ ਦਸੰਬਰ (        ) ਸਾਹਿਬ-ਏ-ਕਮਾਲ, ਸਰਬੰਸਦਾਨੀ, ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਈ ਜਾਗ੍ਰਿਤੀ ਯਾਤਰਾ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਈ।ਇਸ ਤੋਂ ਪਹਿਲਾਂ ਕੋਠਾ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਰਦਾਸ ਕੀਤੀ ਤੇ ਗਿਆਨੀ ਦਲੀਪ ਸਿੰਘ ਸੀਨੀਅਰ ਮੀਤ ਗ੍ਰੰਥੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੇ ਸੰਗਤਾਂ ਦੇ ਨਾਲ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ੍ਰੀ ਪਾਲਕੀ ਸਾਹਿਬ ਵਿਖੇ ਸੁਸ਼ੋਭਿਤ ਕੀਤਾ।ਜਾਗ੍ਰਿਤੀ ਯਾਤਰਾ ਦੀ ਰਵਾਨਗੀ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕੀਤੀ।ਇਸ ਸਮੇਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ. ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸ਼ੈਲਿੰਦਰ ਸਿੰਘ, ਜਨਰਲ ਸਕੱਤਰ ਸ. ਸਰਜਿੰਦਰ ਸਿੰਘ, ਸ. ਗੁਰਵਿੰਦਰ ਸਿੰਘ ਚੇਅਰਮੈਨ ਸ਼ਤਾਬਦੀ ਦਫ਼ਤਰ ਪਟਨਾ ਸਾਹਿਬ, ਬਾਬਾ ਜਰਨੈਲ ਸਿੰਘ ਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਿਰੋਪਾਓ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ।ਉਪਰੰਤ ਖ਼ਾਲਸਾਈ ਜਾਹੋ ਜਲਾਲ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਜਾਗ੍ਰਿਤੀ ਯਾਤਰਾ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਈ।
5-copy ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸਮੁੱਚਾ ਜਗਤ, ਧਾਰਮਿਕ ਜਥੇਬੰਦੀਆਂ, ਸ਼੍ਰੋਮਣੀ ਕਮੇਟੀ, ਪੰਜਾਬ ਸਰਕਾਰ ਅਤੇ ਬਿਹਾਰ ਸਰਕਾਰ ਵੱਲੋਂ ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ੩੫੦ ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ਤੇ ਮਨਾਉਣ ਲਈ ਬੇਅੰਤ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਜਾਗ੍ਰਿਤੀ ਯਾਤਰਾ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ।ਉਨ੍ਹਾਂ ਕਿਹਾ ਕਿ ਸਾਨੂੰ ਦਸਮ ਪਿਤਾ ਦੇ ਉਪਦੇਸ਼ ਅਨੁਸਾਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਚਾਹੀਦੀ ਹੈ ਤੇ ਨਸ਼ਿਆਂ ਦਾ ਤਿਆਗ ਕਰਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਆਪਣੀ ਵਿਰਾਸਤ ਨੂੰ ਸੰਭਾਲਣ ਵਾਲੀਆਂ ਕੌਮਾਂ ਸਦਾ ਜੀਉਂਦੀਆਂ ਰਹਿੰਦੀਆਂ ਹਨ ਇਸ ਲਈ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਨੂੰ ਸਦਾ ਆਪਣੇ ਹਿਰਦਿਆਂ ਵਿੱਚ ਵਸਾ ਕੇ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਕ ਕਰਨਾ ਅੱਜ ਸਮੇਂ ਦੀ ਪ੍ਰਮੁੱਖ ਲੋੜ ਹੈ।ਇਸ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਵੀ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ੩੫੦ ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ‘ਤੇ ਵਧਾਈ ਦਿੱਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਮੁੱਚਾ ਖਾਲਸਾ ਪੰਥ ਤੇ ਗੁਰੂ ਨਾਨਕ ਨਾਮ ਲੇਵਾ ਜਿਥੇ ਕਿਤੇ ਵਿਸ਼ਵ ਵਿੱਚ ਵੱਸ ਰਹੇ ਹਨ ਉਹ ਵੱਡੇ ਭਾਗਾਂ ਵਾਲੇ ਹਨ।ਅੱਜ ਸਾਰਾ ਵਿਸ਼ਵ ਬੜੇ ਹੀ ਉਤਸ਼ਾਹ ਤੇ ਜਜ਼ਬੇ ਨਾਲ ਬਾਦਸ਼ਾਹ ਦਰਵੇਸ਼, ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ, ਦੇਗ ਤੇਗ ਦੇ ਧਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ੩੫੦ ਸਾਲਾ ਪ੍ਰਕਾਸ਼ ਪੁਰਬ ਪੂਰੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ, ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਬਿਹਾਰ ਸਰਕਾਰ ਵੱਲੋਂ ਦਸਮੇਸ਼ ਪਿਤਾ ਨੂੰ ਸਮਰਪਿਤ ਜੋ ਪ੍ਰੋਗਰਾਮ ਉਲੀਕੇ ਗਏ ਹਨ ਉਸ ਲੜੀ ਵਿਚੋਂ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਰੰਭ ਹੋਈ ਜਾਗ੍ਰਿਤੀ ਯਾਤਰਾ ਪੜਾਅ ਦਰ ਪੜਾਅ ਸਫਰ ਤੈਅ ਕਰਕੇ ਰਾਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਜਿਥੇ ਸ਼੍ਰੋਮਣੀ ਕਮੇਟੀ ਤੇ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਭਰਵਾਂ ਸਵਾਗਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਜੇਕਰ ਦਸਮੇਸ਼ ਪਿਤਾ ਆਪਣੇ ਸਰਬੰਸ ਦਾ ਬਲੀਦਾਨ ਨਾ ਦਿੰਦੇ ਤਾਂ ਅੱਜ ਸਮੁੱਚਾ ਭਾਰਤ ਦੇਸ਼ ਈਰਾਨ, ਇਰਾਕ ਤੇ ਅਫਗਾਨਿਸਤਾਨ ਵਾਂਗ ਇਸਲਾਮਿਕ ਬਣਿਆ ਹੁੰਦਾ।ਉਨ੍ਹਾਂ ਕਿਹਾ ਕਿ ਸਾਡੀ ਸੰਸਕ੍ਰਿਤੀ, ਸੱਭਿਆਚਾਰ ਤੇ ਧਰਮ ਇਸ ਕਰਕੇ ਬਚ ਸਕਿਆ ਕਿਉਂਕਿ ਗੁਰੂ ਸਾਹਿਬਾਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ।ਉਨ੍ਹਾਂ ਕਿਹਾ ਕਿ ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਦੇ ਕੇ ਪੂਰੀ ਦੁਨੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਵੱਡੇ ਤੋਂ ਵੱਡਾ ਜ਼ਾਬਰ ਤਲਵਾਰ ਦੀ ਨੋਕ ਨਾਲ ਕਿਸੇ ਦਾ ਵੀ ਧਰਮ ਤਬਦੀਲ ਕਰਵਾਉਣ ਦਾ ਹੱਕ ਨਹੀਂ ਰੱਖਦਾ।ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਬਹੁਤ ਵੱਡੇ ਪੀਰ ਪੈਗੰਬਰ ਹੋਏ ਹਨ ਜਿਨ੍ਹਾਂ ਦਾ ਅਸੀ ਸਤਿਕਾਰ ਕਰਦੇ ਹਾਂ, ਪਰ ਸੰਸਾਰ ਵਿੱਚ ਇਕੋ ਇਕ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਹੋਏ ਹਨ।ਉਨ੍ਹਾਂ ਕਿਹਾ ਕਿ ਗੁਰੂ-ਘਰ ਵਿੱਚ ਸਭ ਤੋਂ ਉਤਮ ਰਹਿਤ ਮਰਯਾਦਾ ਹੈ ਤੇ ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਵਿੱਚ ਸ਼ਾਮਲ ਸੰਗਤਾਂ ਤੇ ਪ੍ਰਬੰਧਕ ਇਸ ਗੱਲ ਨੂੰ ਯਕੀਨੀ ਬਣਾ ਰਹੇ ਹਨ।ਉਨ੍ਹਾਂ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਦਿੰਦਿਆਂ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਹੁਣ ਤੱਕ ਦੇ ਕਾਰਜ ਆਪ ਜੀ ਨੇ ਨੇਪਰੇ ਚੜਾਏ ਹਨ ਅੱਗੋਂ ਵੀ ਖੁਦ ਅੰਗ-ਸੰਗ ਸਹਾਈ ਹੋ ਕੇ ਹੋਣ ਵਾਲੇ ਕਾਰਜਾਂ ਨੂੰ ਸਫਲ ਕਰਨਾ।
ਇਹ ਜਾਗ੍ਰਿਤੀ ਯਾਤਰਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਤਰਨ-ਤਾਰਨ, ਖਡੂਰ ਸਾਹਿਬ, ਮੀਆਂ ਵਿੰਡ, ਖਲਚੀਆਂ ਤੋਂ ਹੁੰਦੇ ਬਾਬਾ ਬਕਾਲਾ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਕਰੇਗੀ।੨ ਦਸੰਬਰ ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਚੱਲ ਕੇ ਕਰਤਾਰਪੁਰ, ਜਲੰਧਰ, ਫਗਵਾੜਾ, ਲੁਧਿਆਣਾ ਦੇ ਵੱਖ-ਵੱਖ ਅਸਥਾਨਾਂ ਤੋਂ ਹੁੰਦੀ ਹੋਈ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ (ਲੁਧਿਆਣਾ) ਵਿਖੇ ਰਾਤ ਦਾ ਵਿਸ਼ਰਾਮ ਕਰਨ ਉਪਰੰਤ ੩ ਦਸੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ (ਲੁਧਿਆਣਾ) ਤੋਂ ਚੱਲ ਕੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ, ਖੰਨਾ, ਸਰਹੰਦ, ਰਾਜਪੁਰਾ ਤੋਂ ਹੋ ਕੇ ਅੰਬਾਲਾ (ਹਰਿਆਣਾ) ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ।  
ਇਸ ਮੌਕੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ, ਭਾਈ ਰਾਮ ਸਿੰਘ ਤੇ ਸ. ਸੁਰਜੀਤ ਸਿੰਘ ਭਿਟੇਵਡ ਅੰਤ੍ਰਿੰਗ ਕਮੇਟੀ ਮੈਂਬਰ, ਸ. ਰਜਿੰਦਰ ਸਿੰਘ ਮਹਿਤਾ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਰਵਿੰਦਰ ਸਿੰਘ ਮੁਕੇਰੀਆਂ ਤੇ ਸ. ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼੍ਰੋਮਣੀ ਕਮੇਟੀ, ਸ. ਬਲਦੇਵ ਸਿੰਘ ਐਮ ਏ ਤੇ ਸ. ਸੁਖਵਿੰਦਰ ਸਿੰਘ ਝਬਾਲ ਸਾਬਕਾ ਮੈਂਬਰ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾਕੋਹਨਾ (ਨਿਜੀ ਸਕੱਤਰ), ਡਾ. ਪਰਮਜੀਤ ਸਿੰਘ ਸਰੋਆ, ਸ. ਦਿਲਜੀਤ ਸਿੰਘ ਬੇਦੀ ਤੇ ਸ. ਕੇਵਲ ਸਿੰਘ ਵਧੀਕ ਸਕੱਤਰ, ਸ. ਸੁਲੱਖਣ ਸਿੰਘ ਤੇ ਸ. ਗੁਰਿੰਦਰ ਸਿੰਘ ਮੈਨੇਜਰ, ਸ. ਕੁਲਵਿੰਦਰ ਸਿੰਘ ‘ਰਮਦਾਸ’ ਤੇ ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਗੁਰਬਚਨ ਸਿੰਘ ਮੁੱਖ ਸੂਚਨਾ ਅਧਿਕਾਰੀ, ਸ. ਦਲਮੇਘ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਸ. ਬਘੇਲ ਸਿੰਘ, ਸ. ਲਖਬੀਰ ਸਿੰਘ, ਸ. ਹਰਜਿੰਦਰ ਸਿੰਘ, ਸ. ਲਖਵਿੰਦਰ ਸਿੰਘ ਬਦੋਵਾਲ ਤੇ ਸ. ਇਕਬਾਲ ਸਿੰਘ ਵਧੀਕ ਮੈਨੇਜਰ ਤੇ ਸ. ਜਸਵਿੰੰਦਰ ਸਿੰਘ ਸੂਚਨਾ ਅਧਿਕਾਰੀ ਆਦਿ ਹਾਜ਼ਰ ਸਨ।