ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਧਨਾਸਰੀ ਮਹਲਾ ੪ ॥ ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਮੰਗਲਵਾਰ, ੧੦ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੨੨ ਅਪ੍ਰੈਲ, ੨੦੨੫ (ਅੰਗ: ੬੬੮)

ਅੰਮ੍ਰਿਤਸਰ, 2 ਅਪ੍ਰੈਲ 2017- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜੈਪੁਰ (ਰਾਜਸਥਾਨ) ਦੇ ਮਹਾਂਵੀਰ ਪਬਲਿਕ ਸਕੂਲ ਵਿਖੇ ਆਈ.ਆਈ.ਟੀ ਦੀ ਪ੍ਰੀਖਿਆ ਵਿਚ ਜਸਵਿੰਦਰ ਸਿੰਘ ਨਾਮ ਦੇ ਗੁਰਸਿੱਖ ਨੌਜਵਾਨ ਨੂੰ ਕਕਾਰ ਉਤਾਰ ਕੇ ਜਾਣ ਲਈ ਮਜਬੂਰ ਕਰਨ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਆਖਿਆ ਕਿ ਇਹ ਘਟਨਾ ਸਿੱਖਾਂ ਨੂੰ ਦਬਾਉਣ ਵਾਲੀ ਹੈ, ਜਿਸ ਲਈ ਅਜਿਹਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰੋ. ਬਡੂੰਗਰ ਕਿਹਾ ਕਿ ਇਸ ਸਬੰਧੀ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਪੱਤਰ ਵੀ ਲਿਖ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਭਾਰਤ ਬਹੁ-ਕੌਮੀ ਤੇ ਬਹੁ-ਧਰਮੀ ਦੇਸ਼ ਹੈ ਅਤੇ ਇਥੇ ਹਰ ਧਰਮ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਸੁਰੱਖਿਅਤ ਰੱਖਣੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ ਅੱਸੀ ਫ਼ੀਸਦੀ ਤੋਂ ਵੱਧ ਕੁਰਬਾਨੀਆਂ ਕੀਤੀਆ ਪਰ ਫਿਰ ਵੀ ਇਨ੍ਹਾਂ ਨਾਲ ਆਪਣੇ ਹੀ ਮੁਲਕ ਵਿਚ ਬੇਗਾਨਿਆਂ ਵਾਲਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਪਛਾਣ ਅਤੇ ਕਕਾਰਾਂ ਸਬੰਧੀ ਸਮੁੱਚੇ ਦੇਸ਼ ਵਾਸੀਆਂ ਨੂੰ ਕੋਈ ਭੁਲੇਖਾ ਨਹੀਂ ਹੈ ਪਰ ਫਿਰ ਵੀ ਕੁਝ ਲੋਕ ਨੀਅਤਨ ਸਿੱਖਾਂ ਵਿਰੁੱਧ ਅਜਿਹੀਆਂ ਹਰਕਤਾਂ ਕਰਦੇ ਹਨ, ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਕਾਰ ਹਰੇਕ ਗੁਰਸਿੱਖ ਦੀ ਗੁਰੂ ਬਖਸ਼ੀ ਰਹਿਣੀ ਦਾ ਅਟੁੱਟ ਅੰਗ ਹਨ, ਜਿਸ ਨੂੰ ਅੰਮ੍ਰਿਧਾਰੀ ਗੁਰਸਿੱਖ ਸਦਾ ਆਪਣੇ ਅੰਗ-ਸੰਗ ਰੱਖਦੇ ਹਨ। ਇਸ ਲਈ ਗੁਰਸਿੱਖ ਨੌਜਾਵਨ ਜਸਵਿੰਦਰ ਸਿੰਘ ‘ਤੇ ਕਕਾਰ ਉਤਾਰ ਕੇ ਪ੍ਰੀਖਿਆ ਵਿਚ ਜਾਣ ਲਈ ਦਬਾਅ ਪਾਉਣਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਹੱਕ ਦੀ ਉਲੰਘਣਾ ਹੈ। ਪ੍ਰੋ. ਬਡੂੰਗਰ ਨੇ ਆਖਿਆ ਕਿ ਮਾਮਲੇ ਦਾ ਪਤਾ ਲੱਗਣ ਉਪਰੰਤ ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਦਖਲ ਨਾਲ ਸਥਾਨਕ ਸਿੱਖ ਪ੍ਰਤੀਨਿਧਾਂ ਅਤੇ ਸੰਗਤਾਂ ਵੱਲੋਂ ਇਸ ਘਟਨਾ ਦਾ ਵਿਰੋਧ ਕਰਨ ‘ਤੇ ਸਬੰਧਤ ਵਿਦਿਆਰਥੀ ਨੂੰ ਪ੍ਰੀਖਿਆ ਵਿਚ ਬਿਠਾ ਦਿੱਤਾ ਗਿਆ ਪਰ ਇਸ ਘਟਨਾ ਨਾਲ ਪ੍ਰੀਖਿਆਰਥੀ ਨੂੰ ਜਿਸ ਡੂੰਘੀ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘਣਾ ਪਿਆ ਹੈ, ਉਸ ਲਈ ਪ੍ਰੀਖਿਆ ਕੇਂਦਰ ਦਾ ਅਮਲਾ ਮੁਕੰਮਲ ਤੌਰ ‘ਤੇ ਜਿੰਮੇਵਾਰ ਹੈ।
ਦੱਸਣਾ ਬਣਦਾ ਹੈ ਕਿ ਆਈ.ਆਈ.ਟੀ. ਦੀ ਪ੍ਰੀਖਿਆ ਦੌਰਾਨ ਜੈਪੁਰ (ਰਾਜਸਥਾਨ) ਦੇ ਮਹਾਂਵੀਰ ਪਬਲਿਕ ਸਕੂਲ ਵਿਖੇ ਅਮਲੇ ਵੱਲੋਂ ਰਾਏਪੁਰ (ਛੱਤੀਸਗੜ੍ਹ) ਨਿਵਾਸੀ ਸ. ਜਸਬੀਰ ਸਿੰਘ ਉਬਰਾਏ ਦੇ ਅੰਮ੍ਰਿਤਧਾਰੀ ਸਪੁੱਤਰ ਜਸਵਿੰਦਰ ਸਿੰਘ ਨੂੰ ਕਕਾਰਾਂ ਕਾਰਨ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ ਸੀ। ਕਕਾਰ ਉਤਾਰ ਕੇ ਪ੍ਰੀਖਿਆ ਵਿਚ ਜਾਣ ਲਈ ਮਜਬੂਰ ਕਰਨ ‘ਤੇ ਉਸ ਵੱਲੋਂ ਸ਼੍ਰੋਮਣੀ ਕਮੇਟੀ ਨਾਲ ਤੁਰੰਤ ਸੰਪਰਕ ਕੀਤਾ ਗਿਆ। ਇਸ ਘਟਨਾ ਉਪਰੰਤ ਸ਼੍ਰੋਮਣੀ ਕਮੇਟੀ ਅਤੇ ਸਥਾਨਕ ਸਿੱਖਾਂ ਦੇ ਦਖਲ ਨਾਲ ਪ੍ਰੀਖਿਆਰਥੀ ਨੂੰ ਪ੍ਰੀਖਿਆ ਵਿਚ ਬੈਠਣ ਦੀ ਤਾਂ ਇਜਾਜ਼ਤ ਦਿੱਤੀ ਗਈ, ਪਰ ਇਸ ਘਟਨਾ ਨੇ ਸਿੱਖ ਹਲਕਿਆਂ ਅੰਦਰ ਰੋਸ ਜ਼ਰੂਰ ਪੈਦਾ ਕਰ ਦਿੱਤਾ।