ਸ. ਮਨਜੀਤ ਸਿੰਘ ਸਕੱਤਰ ਨੇ ਜਖ਼ਮੀਆਂ ਦਾ ਹਾਲ-ਚਾਲ ਪੁੱਛਿਆ

 

ਅੰਮ੍ਰਿਤਸਰ : 9 ਜੂਨ (      ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ ਪੁਲਿਸ ਗੋਲੀ ਕਾਂਡ ‘ਚ ਜਖ਼ਮੀ ਹੋਏ ਨੋਜੁਆਨ ਜੋ ਅੰਮ੍ਰਿਤਸਰ ‘ਚ ਡਾਕਟਰ ਹਰਦਾਸ ਸਿੰਘ ਦੇ ਹਸਪਤਾਲ ‘ਚ ਜ਼ੇਰੇ ਇਲਾਜ ਹਨ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਨੂੰ ਯਕੀਨ ਦੁਆਇਆ ਕਿ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਉਨ੍ਹਾਂ ਨਾਲ ਖੜ੍ਹੀ ਹੈ ਤੇ ਹਸਪਤਾਲ ‘ਚ ਨੋਜੁਆਨਾ ਦੇ ਇਲਾਜ ਦੌਰਾਨ ਕਿਸੇ ਵੀ ਪ੍ਰਕਾਰ ਦੀ ਜਰੂਰਤ ਹੋਵੇ ਤੁਰੰਤ ਪੂਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆਂ ਕਿ ਇਨ੍ਹਾਂ ਜਖ਼ਮੀ ਨੋਜੁਆਨਾਂ ਦੀ ਸਥਿਤੀ ਬਾਰੇ ਪ੍ਰਧਾਨ ਸਾਹਿਬ ਨੂੰ ਜਾਣੂੰ ਕਰਵਾਇਆ ਜਾਵੇਗਾ ਤੇ ਪ੍ਰਧਾਨ ਸਾਹਿਬ ਤੋਂ ਆਦੇਸ਼ ਲੈ ਕੇ ਜਲਦੀ ਹੀ ਇਨ੍ਹਾਂ ਜ਼ਖ਼ਮੀ ਨੋਜੁਵਾਨਾਂ ਦੀ ਸ਼੍ਰੋਮਣੀ ਕਮੇਟੀ ਵਲੋਂ ਮਾਲੀ ਸਹਾਇਤਾ ਕੀਤੀ ਜਾਵੇਗੀ ਇਸ ਸਮੇਂ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ, ਸ. ਸਕੱਤਰ ਸਿੰਘ ਮੀਤ ਸਕੱਤਰ ਫਲਾਇੰਗ ਵਿਭਾਗ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਪ੍ਰਤਾਪ ਸਿੰਘ ਤੇ ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ ਵੀ ਨਾਲ ਸਨ।

ਜਿਕਰਯੋਗ ਹੈ ਕਿ ਬੀਤੇ ਦਿਨੀਂ ੬ ਜੂਨ ਦੇ ਘੱਲੂਘਾਰੇ ਦਿਵਸ ਸਬੰਧੀ ਜੰਮੂ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮੁੱਖੀ ਦਮਦਮੀ ਟਕਸਾਲ ਦੇ ਲੱਗੇ ਪੋਸਟਰ ਉਥੋਂ ਦੀ ਪੁਲਿਸ ਤੇ ਕੁਝ ਹੋਰ ਸ਼ਰਾਰਤੀ ਅਨਸਰਾਂ ਨੇ ਪਾੜ ਦਿੱਤੇ ਸਨ ਜਿਸ ਤੋਂ ਨਰਾਜ਼ ਸਿੱਖਾਂ ਨੇ ਜਬਰਦਸਤ ਵਿਰੋਧ ਕਰਦਿਆਂ ਰੋਸ ਮੁਜਾਹਰੇ ਕੀਤੇ ਜੋ ਪੁਲਿਸ ਨੂੰ ਨਾ ਗਵਾਰ ਗੁਜਰੇ ਤੇ ਉਨ੍ਹਾਂ ਨੇ ਸਿੱਖਾਂ ਉੱਪਰ ਸਿੱਧੇ ਤੌਰ ਤੇ ਗੋਲੀ ਚਲਾ ਦਿੱਤੀ ਜਿਸ ਨਾਲ ੨੭ ਸਾਲਾ ਨੌਜਵਾਨ ਜਗਜੀਤ ਸਿੰਘ ਮਾਰਿਆ ਗਿਆ ਤੇ ਬਹੁਤ ਸਾਰੇ ਫੱਟੜ ਹੋ ਗਏ ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਅੰਮ੍ਰਿਤਸਰ ਵਿਖੇ ਡਾਕਟਰ ਹਰਦਾਸ ਸਿੰਘ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਹੈ। ਇਨ੍ਹਾਂ ਜ਼ਖ਼ਮੀ ਨੋਜੁਆਨਾਂ ਦਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦੇ ਨਿੱਜੀ ਸਕੱਤਰ ਸ. ਮਨਜੀਤ ਸਿੰਘ ਨੇ ਹਸਪਤਾਲ ਪਹੁੰਚ ਕੇ ਪਤਾ ਲਿਆ ਤੇ ਯਕੀਨ ਦੁਆਇਆ ਕਿ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਪੀੜਤ ਨੋਜੁਆਨਾਂ ਦੇ ਨਾਲ ਹੈ ਤੇ ਅਗਲੇ ਕੁਝ ਦਿਨ੍ਹਾਂ ‘ਚ ਹੀ ਇਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇਗੀ।