ਝਾਰਖੰਡ ਅੰਦਰ ਸਿਲੇਬਸ ‘ਚ ਦਸਵੇਂ ਪਾਤਸ਼ਾਹ ਦਾ ਇਤਿਹਾਸ ਸ਼ਾਮਲ ਕਰਵਾਉਣ ਦੇ ਕੀਤੇ ਜਾ ਰਹੇ ਯਤਨ-ਸ. ਗੁਰਵਿੰਦਰ ਸਿੰਘ ਸੇਠੀ

ਅੰਮ੍ਰਿਤਸਰ ੦੬ ਅਪ੍ਰੈਲ- ਝਾਰਖੰਡ ਰਾਜ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਸ. ਗੁਰਵਿੰਦਰ ਸਿੰਘ ਸੇਠੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਮੁਲਾਕਾਤ ਕੀਤੀ। ਸ. ਸੇਠੀ ਨਾਲ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਿਮਰਨ ਕੌਰ ਸੇਠੀ ਵੀ ਮੌਜੂਦ ਸਨ। ਇਸ ਮੌਕੇ ਸ. ਗੁਰਵਿੰਦਰ ਸਿੰਘ ਸੇਠੀ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਜਿਥੇ ਝਾਰਖੰਡ ਸੂਬੇ ਅੰਦਰ ਵੱਸਦੇ ਸਿੱਖਾਂ ਦੀ ਸਥਿਤੀ ਬਾਰੇ ਵਿਸਥਾਰਤ ਚਰਚਾ ਕੀਤੀ, ਉਥੇ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਅੰਦਰ ਸਕੂਲੀ ਸਿਲੇਬਸ ‘ਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸ਼ਾਮਲ ਕਰਵਾਉਣ ਲਈ ਉਹ ਨਿਰੰਤਰ ਯਤਨ ਕਰ ਰਹੇ ਹਨ ਅਤੇ ਇਸ ਸਬੰਧੀ ਸਰਕਾਰ ਨਾਲ ਗੱਲਬਾਤ ਲਗਭਗ ਅੰਤਮ ਪੜਾਅ ‘ਤੇ ਹੈ। ਉਨ੍ਹਾਂ ਵੱਲੋਂ ਸਿਲੇਬਸ ਲਈ ਸ਼੍ਰੋਮਣੀ ਕਮੇਟੀ ਪਾਸੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਮਾਣਿਕ ਇਤਿਹਾਸ ਮੰਗਣ ‘ਤੇ ਡਾ. ਰੂਪ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਤਿਹਾਸ ਨਾਲ ਸਬੰਧਤ ਪੁਸਤਕਾਂ ਦਿੱਤੀਆਂ।

ਇਸ ਦੌਰਾਨ ਸ. ਸੇਠੀ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨਾਲ ੧੯੮੪ ਦੀ ਸਿੱਖ ਨਸਲਕੁਸ਼ੀ ਸਬੰਧੀ ਵੀ ਗੱਲਬਾਤ ਕੀਤੀ। ਸ. ਸੇਠੀ ਨੇ ਕਿਹਾ ਕਿ ੧੯੮੪ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤਕ ਸਜ਼ਾਵਾਂ ਨਾ ਮਿਲਣੀਆਂ ਘੱਟ ਗਿਣਤੀਆਂ ਨਾਲ ਧੱਕਾ ਹੈ। ਸ. ਸੇਠੀ ਨੇ ਦੱਸਿਆ ਕਿ ਉਨ੍ਹਾਂ ਨੇ ਯਤਨ ਕਰਕੇ ੧੯੮੪ ਦੇ ਝਾਰਖੰਡ-ਯੂ.ਪੀ. ਨਾਲ ਸਬੰਧਤ ਪੀੜਤਾਂ ਨੂੰ ਕੇਂਦਰ ਸਰਕਾਰ ਪਾਸੋਂ ਕਰੀਬ ੧੪ ਕਰੋੜ ਰੁਪਏ ਦੀ ਸਹਾਇਤਾ ਦਿਵਾਈ ਹੈ। ਇਸ ਸਬੰਧੀ ਡਾ. ਰੂਪ ਸਿੰਘ ਨੇ ਵੀ ਉਨ੍ਹਾਂ ਨੂੰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ੧੯੮੪ ਦੇ ਪੀੜਤਾਂ ਦੀ ਸਹਾਇਤਾ ਲਈ ਲਗਾਤਾਰ ਕਾਰਜਸ਼ੀਲ ਰਹੀ ਹੈ ਅਤੇ ਪੀੜਤ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ ਸਮੇਂ ‘ਤੇ ਸਹਾਇਤਾ ਜਾਰੀ ਕੀਤੀ ਗਈ ਹੈ। ਮੁੱਖ ਸਕੱਤਰ ਨੇ ਸ. ਸੇਠੀ ਵੱਲੋਂ ਝਾਰਖੰਡ ਸੂਬੇ ਅੰਦਰ ਸਿਲੇਬਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸ਼ਾਮਲ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਸ. ਗੁਰਵਿੰਦਰ ਸਿੰਘ ਸੇਠੀ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਮੀਤ ਸਕੱਤਰ ਸ. ਗੁਰਬਚਨ ਸਿੰਘ ਅਤੇ ਹੋਰ ਮੌਜੂਦ ਸਨ।