ਕੇਂਦਰ ਸਰਕਾਰ ਟਾਈਟਲਰ ਤੇ ਉਸ ਦੇ ਸਾਥੀਆਂ ਨੂੰ ਸਿੱਖਾਂ ਤੇ ਕੀਤੇ ਜ਼ੁਲਮ ਦੀ ਸਜ਼ਾ ਦਿਵਾਏ

ਅੰਮ੍ਰਿਤਸਰ 28 ਅਪ੍ਰੈਲ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੧੯੮੪ ਦੇ ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਵੱਲੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਲਿਖੇ ਪੱਤਰ ਦਾ ਗੰਭੀਰ ਨੋਟਿਸ ਲਿਆ ਹੈ।ਉਨ੍ਹਾਂ ਕਿਹਾ ਕਿ ੧੯੮੪ ਦੀ ਸਿੱਖ ਨਸਲਕੁਸ਼ੀ ਸਮੇਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਐਚ ਕੇ ਐਲ ਭਗਤ ਅਤੇ ਧਰਮ ਦਾਸ ਸ਼ਾਸਤਰੀ ਨੇ ਜੋ ਸ਼ਰਮਨਾਕ ਕਾਰੇ ਨੂੰ ਅੰਜ਼ਾਮ ਦਿੱਤਾ ਸੀ ਉਸ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ।
ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਵੱਲੋਂ ਕੇਂਦਰੀ ਮੰਤਰੀ ਨੂੰ ਆਪਣੇ ਵੱਲੋਂ ਲਿਖੇ ਪੱਤਰ ਵਿੱਚ ਇਹ ਦਾਅਵਾ ਕਰਨਾ ਕਿ ੧੯੮੪ ਦੇ ਸਿੱਖ ਕਤਲੇਆਮ ਦੌਰਾਨ ਉਸ ਵਲੋਂ ਸੈਂਕੜੇ ਸਿੱਖਾਂ ਦੀ ਜਾਨ ਬਚਾਈ ਗਈ ਸੀ ਨਿਰਾ ਝੂਠ ਦਾ ਪੁਲੰਦਾ ਹੈ।ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਦਾ ਬਿਆਨ ਤਾਂ ਇਸ ਕਹਾਵਤ ਨਾਲ ਵੀ ਨਹੀਂ ਢੁਕਦਾ ਕਿ ‘ਨੌ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ’।ਉਨ੍ਹਾਂ ਕਿਹਾ ਕਿ ਟਾਈਟਲਰ ਉਹ ਜੰਗਲੀ ਬਿੱਲੀ ਹੈ ਜਿਸ ਨੇ ੧੯੮੪ ਦੇ ਕਤਲੇਆਮ ਸਮੇਂ ਸਿੱਖਾਂ ਦਾ ਮਾਸ ਨੌਚ-ਨੌਚ ਖਾਧਾ ਸੀ।ਉਨ੍ਹਾਂ ਕਿਹਾ ਕਿ ਟਾਈਟਲਰ ਵੱਲੋਂ ਇਹ ਬਿਆਨ ਦੇਣਾ ਆਪਣੇ ਜ਼ੁਲਮ ਨੂੰ ਛੁਪਾਉਣ ਦੀ ਇੱਕ ਨਾਪਾਕ ਕੋਸ਼ਿਸ਼ ਹੈ, ਪਰ ਉਸ ਵੱਲੋਂ ਕੀਤੇ ਪਾਪ ਪੂਰੇ ‘ਜੱਗ ਜ਼ਾਹਿਰ’ ਹੋ ਚੁੱਕੇ ਹਨ, ਇਸ ਲਈ ਟਾਈਟਲਰ ਆਪਣੀ ਗੰਦੀ ਜ਼ਬਾਨ ਨੂੰ ਲਗਾਮ ਦੇਵੇ ਤੇ ਸਿੱਖਾਂ ਨਾਲ ਫੌਕੀ ਹਮਦਰਦੀ ਨਾ ਜਗਾਏ।ਉਨ੍ਹਾਂ ਕਿਹਾ ਬੜੇ ਅਫ਼ਸੋਸ ਦੀ ਗੱਲ ਹੈ ਕਿ ਏਨੇ ਲੰਬੇ ਅਰਸੇ ਦੇ ਬਾਅਦ ਵੀ ਟਾਈਟਲਰ ਵਰਗੇ ਸ਼ੈਤਾਨ ਨੂੰ ਕਾਨੂੰਨ ਸਜ਼ਾ ਨਹੀਂ ਦੇ ਸਕਿਆ।
ਉਨ੍ਹਾਂ ਕਿਹਾ ਕਿ ਟਾਈਟਲਰ ਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਜ਼ੁਲਮ ਸਿੱਖ ਕੌਮ ਦੇ ਹਿਰਦਿਆਂ ਤੇ ਸੁਲਗ ਰਹੇ ਹਨ, ਜੋ ਭੁਲਾਇਆਂ ਵੀ ਨਹੀਂ ਭੁਲਾਏ ਜਾ ਸਕਦੇ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬੇਹੂਦੇ ਬਿਆਨ ਦੇ ਕੇ ਟਾਈਟਲਰ ਕੌਮ ਦੇ ਜ਼ਖਮਾਂ ਤੇ ਨਮਕ ਨਾ ਛਿੜਕੇ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿੱਖ ਕਤਲੇਆਮ ਦੇ ਇਸ ਦੋਸ਼ੀ ਨੂੰ ਕਾਨੂੰਨ ਅਨੁਸਾਰ ਐਸੀ ਸਖ਼ਤ ਸਜ਼ਾ ਦਿਵਾਏ ਕਿ ਦੁਬਾਰਾ ਟਾਈਟਲਰ ਤੇ ਉਸ ਦੇ ਸਾਥੀ ਦਰਿੰਦਿਆਂ ਵਰਗਾ ਕੋਈ ਸ਼ੈਤਾਨ ਦੁਨੀਆਂ ਤੇ ਪੈਦਾ ਨਾ ਹੋ ਸਕੇ।