ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਬਿਲਾਵਲੁ ਮਹਲਾ ੫ ॥ ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥ ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਬੁੱਧਵਾਰ, ੧੧ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੨੩ ਅਪ੍ਰੈਲ, ੨੦੨੫ (ਅੰਗ: ੮੧੯)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 30 ਮਈ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ: ਹਰਚਰਨ ਸਿੰਘ, ਡਾ: ਰੂਪ ਸਿੰਘ, ਸ੍ਰ: ਮਨਜੀਤ ਸਿੰਘ ਤੇ ਸ੍ਰ: ਅਵਤਾਰ ਸਿੰਘ ਸਕੱਤਰ ਨੇ ਵੀ ਦੁੱਖ ਦਾ ਇਜ਼ਹਾਰ ਕੀਤਾ

j-avtar-singhਅੰਮ੍ਰਿਤਸਰ : ੩ ਨਵੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ, ਡਾ: ਰੂਪ ਸਿੰਘ, ਸ੍ਰ: ਮਨਜੀਤ ਸਿੰਘ ਤੇ ਸ੍ਰ: ਅਵਤਾਰ ਸਿੰਘ ਸਕੱਤਰ ਤੇ ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਉੱਘੇ ਵਿਦਵਾਨ ਅਤੇ ਚਿੰਤਕ ਡਾ: ਰਘਬੀਰ ਸਿੰਘ ਬੈਂਸ ਦੇ ਅਚਾਨਕ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਡਾ: ਬੈਂਸ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਪੰਥ ਨੂੰ ਇਕ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਡਾ: ਰਘਬੀਰ ਸਿੰਘ ਬੈਂਸ ਇਕ ਵਿਲੱਖਣ ਸਖ਼ਸ਼ੀਅਤ ਦੇ ਮਾਲਿਕ ਸਨ ਤੇ ਉਨ੍ਹਾਂ ਦੀਆਂ ਪੰਥ ਤੇ ਸਮਾਜ ਨੂੰ ਬਹੁਤ ਵੱਡੀਆਂ ਦੇਣਾ ਹਨ।
ਜ਼ਿਕਰਯੋਗ ਹੈ ਕਿ ਡਾ: ਰਘਬੀਰ ਸਿੰਘ ਬੈਂਸ ਨੇ ਬਹੁਤ ਹੀ ਵੱਡਮੁੱਲੀਆਂ ਲਿਖਤਾਂ ਲਿਖੀਆਂ ਅਤੇ ਇਸ ਦੇ ਇਲਾਵਾ ਮਲਟੀਮੀਡੀਆਂ ਮਿਊਜ਼ੀਅਮ ਵੀ ਤਿਆਰ ਕਰਵਾਏ। ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਪੰਥ ਨੂੰ ਸਭ ਤੋਂ ਉੱਤਮ ਦੇਣ ‘ਇਨਸਾਈਕਲੋਪੀਡੀਆ ਆਫ਼ ਸਿਖ਼ਿਜ਼ਮ’ ਹੈ। ਇਸਦੇ ਇਲਾਵਾ ਉਨ੍ਹਾਂ ਵਿਦਿਆ ਤੇ ਸਾਹਿਤ ਦੇ ਖੇਤਰ ਵਿੱਚ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੇ ਠੱਲ੍ਹ ਪਾਉਣ ਅਤੇ ਸਮਾਜ ਨੂੰ ਇਸ ਤੋਂ ਦੂਰ ਰੱਖਣ ਲਈ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਸ੍ਰੀ ਖਡੂਰ ਸਾਹਿਬ, ਬੰਗਲਾ ਸਾਹਿਬ, ਸਰੀ ਅਤੇ ਟੋਰਾਂਟੋ ਵਿੱਚ ਮਲਟੀਮੀਡੀਆ ਮਿਊਜ਼ੀਅਮ ਵੀ ਬਣਵਾਏ। ਡਾ: ਬੈਂਸ ਨੇ ੧੯੯੯ ਦੀ ਵਿਸਾਖੀ ਨੂੰ ਖਾਲਸੇ ਦੇ ੩੦੦ ਸਾਲਾ ਸਾਜਨਾ ਦਿਵਸ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ। ਡਾ: ਬੈਂਸ ਦੀਆਂ ਪ੍ਰਤੀਭਾਸ਼ਾਲੀ ਸੇਵਾਵਾਂ ਲਈ ਸਮੇਂ-ਸਮੇਂ ਵੱਖ-ਵੱਖ ਸਰਕਾਰਾਂ ਤੇ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਡਾ: ਬੈਂਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਸਿੱਖ ਸਕਾਲਰ ਆਫ਼ ਕੰਪਿਊਟਰੇਜ਼’, ਪੰਜਾਬ ਸਰਕਾਰ ਵੱਲੋਂ ‘ ਸ਼੍ਰੋਮਣੀ ਸਾਹਿਤਕਾਰ (ਵਿਦੇਸ਼)’ ਅਤੇ ੧੯੯੯ ਵਿੱਚ ‘ਆਰਡਰ ਆਫ਼ ਖਾਲਸਾ’, ਅਤੇ ਕੈਨੇਡਾ ਸਰਕਾਰ ਵੱਲੋਂ ‘ਆਰਡਰ ਆਫ਼ ਬ੍ਰਿਟਿਸ਼ ਕੋਲੰਬੀਆ’ ਅਤੇ ‘ਬੈਸਟ ਸਿਟੀਜ਼ਨ ਆਫ਼ ਕੈਨੇਡਾ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਡਾ: ਬੈਂਸ  ਹੁਸ਼ਿਆਰਪੁਰ ਦੇ ਜੰਮਪਲ ਸਨ ਤੇ ਬਾਅਦ ਵਿੱਚ ਬੀ ਸੀ ਸਰੀ ਕੈਨੇਡਾ ਵਿੱਚ ਜਾ ਵਸੇ। ਅੱਜ ਕੱਲ੍ਹ ਉਹ ਅਰਬਨ ਐਸਟੇਟ, ਜਲੰਧਰ ਵਿਖੇ ਰਹਿ ਰਹੇ ਸਨ। ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਡੀ ਐਮ ਸੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਪਰ ਸਤਿਗੁਰੂ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦਿਆਂ ਅਚਾਨਕ ਅਕਾਲ ਚਲਾਣਾ ਕਰ ਗਏ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਡਾ: ਰਘਬੀਰ ਸਿੰਘ ਬੈਂਸ ਬਹੁਤ ਹੀ ਮਹਾਨ ਤੇ ਬਹੁਪੱਖੀ ਸਖ਼ਸ਼ੀਅਤ ਦੇ ਮਾਲਿਕ ਸਨ, ਜਿਨ੍ਹਾਂ ਦੀ ਪੰਥਕ ਅਤੇ ਸਮਾਜਿਕ ਹਲਕਿਆਂ ਵਿਚ ਸਦਾ ਹੀ ਘਾਟ ਮਹਿਸੂਸ ਹੁੰਦੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਬਹੁਮੁੱਲੀਆਂ ਦੇਣਾਂ ਕਾਰਣ ਸਦਾ ਹੀ ਸਾਡੇ ਵਿੱਚ ਵਿਚਰਦੇ ਰਹਿਣਗੇ। ਉਨ੍ਹਾਂ ਕਿਹਾ ਮੇਰੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਜੋਦੜੀ ਹੈ ਕਿ ਉਹ ਡਾ: ਸਾਹਿਬ ਦੀ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ, ਪ੍ਰੀਵਾਰ, ਸਨੇਹੀਆਂ, ਸਮਾਜ ਅਤੇ ਪੰਥ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।