ਅੰਮ੍ਰਿਤਸਰ, ੨ ਸਤੰਬਰ ੨੦੧੭- ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ. ਸਤਵਿੰਦਰ ਸਿੰਘ ਦੇ ਪੁੱਤਰ ਕਬੱਡੀ ਖਿਡਾਰੀ ਜਸਕਰਨ ਸਿੰਘ ਦੀ ਇੰਗਲੈਂਡ ਵਿਚ ਇਕ ਸੜਕ ਹਾਦਸੇ ਦੌਰਾਨ ਹੋਈ ਮੌਤ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਆਖਿਆ ਕਿ ਬੇਸ਼ੱਕ ਮੌਤ ਇੱਕ ਅਟੱਲ ਸੱਚਾਈ ਹੈ ਪਰ ਜਦ ਅਜਿਹੇ ਅਚਨਚੇਤ ਹਾਦਸੇ ਕਾਰਨ ਕੋਈ ਮਨੁੱਖ ਸੰਸਾਰ ਤੋਂ ਤੁਰ ਜਾਂਦਾ ਹੈ ਤਾਂ ਪਰਿਵਾਰ ਦਾ ਸਦਮੇ ਵਿਚ ਜਾਣਾ ਕੁਦਰਤੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮਾਜ ਦੇ ਚੁਣੌਤੀਆਂ ਭਰੇ ਮਾਹੌਲ ਵਿਚ ਕਬੱਡੀ ਖੇਡ ਨਾਲ ਜੁੜ ਕੇ ਨੌਜਵਾਨੀ ਲਈ ਪ੍ਰੇਰਨਾ ਸਰੋਤ ਬਣਨਾ ਕਿਸੇ ਵਿਰਲੇ ਦੇ ਹਿੱਸੇ ਆਉਂਦਾ ਹੈ, ਜੋ ਜਸਕਰਨ ਸਿੰਘ ਨੇ ਕਰ ਦਿਖਾਇਆ।ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਨਾਲ ਜੋੜਨ ਅਤੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਦੇਣ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਬੱਡੀ ਟੀਮ ਦੇ ਖਿਡਾਰੀਆਂ ਨੇ ਵੀ ਕਬੱਡੀ ਦੇ ਇਸ ਹੋਣਹਾਰ ਖਿਡਾਰੀ ਜਸਕਰਨ ਸਿੰਘ ਦੀ ਸੜਕ ਹਾਦਸੇ ਦੌਰਾਨ ਹੋਈ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।