ਅੰਮ੍ਰਿਤਸਰ, 16 ਮਈ-
ਬੱਚਿਆਂ ਦੀ ਮਾਹਿਰ ਡਾਕਟਰ ਅਤੇ ਵੱਖ-ਵੱਖ ਸਮਾਜਿਕ, ਧਾਰਮਿਕ ਵਿਸ਼ਿਆਂ ’ਤੇ ਪ੍ਰੇਰਣਾਦਾਇਕ ਬੁਲਾਰੇ ਵਜੋਂ ਮਸ਼ਹੂਰ ਡਾ. ਹਰਸ਼ਿੰਦਰ ਕੌਰ ਦੀ ਨੈਸ਼ਨਲ ਪੱਧਰ ਦੇ ਐਵਾਰਡ ਲਈ ਚੋਣ ’ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਡਾ. ਹਰਸ਼ਿੰਦਰ ਕੌਰ ਸਮਾਜ ਨੂੰ ਉੱਚਾ ਚੁੱਕਣ ਲਈ ਨਿਰੰਤਰ ਕਾਰਜ ਕਰ ਰਹੇ ਹਨ ਅਤੇ ਵੱਖ-ਵੱਖ ਵਿਸ਼ਿਆਂ ’ਤੇ ਉਸਾਰੂ ਸੇਧ ਦਿੰਦੇ ਉਨ੍ਹਾਂ ਦੇ ਭਾਸ਼ਣ ਵੱਡੀ ਪੱਧਰ ’ਤੇ ਪਸੰਦ ਕੀਤੇ ਜਾਂਦੇ ਹਨ। ਸਮਾਜ ਅੰਦਰ ਅਜਿਹੇ ਪ੍ਰੇਰਣਾ ਦਾਇਕ ਬੁਲਾਰਿਆਂ ਦਾ ਸਨਮਾਨ ਹੋਰਨਾਂ ਲਈ ਵੀ ਪ੍ਰੇਰਣਾ ਬਣਦਾ ਹੈ। ਉਨ੍ਹਾਂ ਆਖਿਆ ਕਿ ਡਾ. ਹਰਸ਼ਿੰਦਰ ਕੌਰ ਨੂੰ ਵਿਦਿਆਰਥੀ ਵਿਕਾਸ ਮੰਚ ਵੱਲੋਂ ਨੈਸ਼ਨਲ ਸਨਮਾਨ ਦਾ ਐਲਾਨ ਬਿਲਕੁਲ ਸਹੀ ਚੋਣ ਹੈ। ਉਨ੍ਹਾਂ ਕਿਹਾ ਕਿ ਡਾ. ਹਰਸ਼ਿੰਦਰ ਕੌਰ ਨੂੰ ਆਪਣੀ ਵਿਰਾਸਤ ਵਿੱਚੋਂ ਉੱਚ ਕਦਰਾਂ ਕੀਮਤਾਂ ਪ੍ਰਾਪਤ ਹੋਈਆਂ ਹਨ, ਜਿਸ ਸਦਕਾ ਉਹ ਇਸ ਮੁਕਾਮ ’ਤੇ ਪਹੁੰਚੇ ਹਨ।