ਅੰਮ੍ਰਿਤਸਰ, 8 ਮਾਰਚ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ (ਲੁਧਿਆਣਾ) ਦੇ ਸਕੱਤਰ ਵਜੋਂ ਡਾ. ਰੂਪ ਸਿੰਘ ਨੇ ਕਾਰਜਭਾਰ ਸੰਭਾਲ ਲਿਆ।

ਉਨ੍ਹਾਂ ਵੱਲੋਂ ਕਾਰਜਭਾਰ ਸੰਭਾਲਣ ਸਮੇਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਅਤੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। 13 ਜਨਵਰੀ 1954 ਵਿਚ ਬਣੇ ਇਸ ਟਰੱਸਟ ਦੇ ਪ੍ਰਬੰਧ ਅਧੀਨ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਗੁਰੂ ਨਾਨਕ ਪੋਲੀਟੈਕਨਿਕ ਕਾਲਜ, ਗੁਰੂ ਨਾਨਕ ਬੀ.ਐਡ. ਕਾਲਜ ਤੋਂ ਇਲਾਵਾ 12 ਪਬਲਿਕ ਸਕੂਲ ਚੱਲ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਟਰੱਸਟ ਦੇ ਪ੍ਰਧਾਨ ਹਨ ਅਤੇ ਹਾਲ ਹੀ ਵਿਚ ਟਰੱਸਟ ਦੇ ਮੈਂਬਰਾਂ ਵਿਚ ਸ. ਅਜਮੇਰ ਸਿੰਘ ਲੱਖੋਵਾਲ ਸੀਨੀਅਰ ਮੀਤ ਪ੍ਰਧਾਨ, ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਹਰਸੁਰਿੰਦਰ ਸਿੰਘ ਗਿੱਲ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸ. ਗੁਰਚਰਨ ਸਿੰਘ ਗਰੇਵਾਲ, ਸ. ਗੁਰਮੇਲ ਸਿੰਘ ਸੰਗੋਵਾਲ, ਸ. ਰਘਬੀਰ ਸਿੰਘ ਸਹਾਰਨਮਾਜਰਾ, ਸ. ਤਾਰਾ ਸਿੰਘ ਗਿੱਲ ਤੇ ਸ. ਚਰਨ ਸਿੰਘ ਆਲਮਗੀਰ ਨੂੰ ਲਿਆ ਗਿਆ ਹੈ।

ਕਾਰਜਭਾਰ ਸੰਭਾਲਣ ਸਮੇਂ ਡਾ. ਰੂਪ ਸਿੰਘ ਨੇ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਗੁਰੂ ਦੀ ਭੈਅ ਭਾਵਨੀ ਵਿਚ ਰਹਿ ਕੇ ਨਿਭਾਉਣ ਦਾ ਯਤਨ ਕਰਨਗੇ ਅਤੇ ਟਰੱਸਟ ਅਧੀਨ ਚੱਲਦੀਆਂ ਸੰਸਥਾਵਾਂ ਦੀ ਬਿਹਤਰੀ ਲਈ ਕਾਰਜਸ਼ੀਲ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਗੁਰਚਰਨ ਸਿੰਘ ਗਿੱਲ ਡਾਇਰੈਕਟਰ ਐਜੂਕੇਸ਼ਨ ਨਨਕਾਣਾ ਸਾਹਿਬ ਟਰੱਸਟ, ਸ. ਅਵਤਾਰ ਸਿੰਘ ਸੁਪ੍ਰਿੰਟੈਂਡੈਂਟ ਆਦਿ ਹਾਜ਼ਰ ਸਨ।