ਅੰਮ੍ਰਿਤਸਰ 21 ਸਤੰਬਰ – ਸਵਿਟਜ਼ਰਲੈਂਡ ਵਿਚ ਬੈਂਕ ਅਧਿਕਾਰੀ ਵਜੋਂ ਕੰਮ ਕਰ ਰਹੇ ਲਿਵਤਾਰ ਸਿੰਘ ਸਿੱਖ ਧਰਮ ਦੇ ਮਨੁੱਖਤਾ ਦੀ ਭਲਾਈ ਵਾਲੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਸ. ਵੜੈਚ ਸਿੱਖੀ ਦੇ ਮਹਾਨ ਅਸੂਲਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਤੋਂ ਆਗਿਆ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਲੰਗਰ ਗੁਰੂ ਰਾਮਦਾਸ ਉਪਰ ਇੱਕ ਜਾਣਕਾਰੀ ਭਰਪੂਰ ਸ਼ਾਰਟ ਫਿਲਮ ਬਣਾ ਰਹੇ ਹਨ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਘਰ ਵਿਚ ਆਪਣੇ ਮਾਤਾ-ਪਿਤਾ ਤੋਂ ਸਿੱਖੀ ਦੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਸਨ, ਜਿਸ ਨਾਲ ਉਨ੍ਹਾਂ ਦੇ ਮਨ ਅੰਦਰ ਅਜਿਹੀ ਖਿੱਚ ਪੈਦਾ ਹੋਈ ਕਿ ਉਹ ਸਿੱਖ ਹੋਣ ਦੇ ਨਾਤੇ ਆਪਣੇ ਮਹਾਨ ਤੇ ਵਿਲੱਖਣ ਧਰਮ ਅਤੇ ਸਿੱਖ ਵਿਰਸੇ ਨੂੰ ਹੋਰ ਜਾਨਣ ਲਈ ਅੰਮ੍ਰਿਤਸਰ ਪੁੱਜੇ। ਸਵਿਟਜ਼ਰਲੈਂਡ ਵਿਚ ਜੰਮੇਪਲੇ ਹੋਣ ਕਾਰਨ ਉਨ੍ਹਾਂ ਨੂੰ ਸਿੱਖੀ ਬਾਰੇ ਬਹੁਤ ਜਾਨਣ ਨੂੰ ਨਹੀਂ ਸੀ ਮਿਲਿਆ ਅਤੇ ਆਪਣੇ ਮਹਾਨ ਸੱਭਿਆਚਾਰ ਨਾਲ ਪੈਦਾ ਹੋਈ ਤਾਂਘ ਉਨ੍ਹਾਂ ਨੂੰ ਇਥੇ ਲੈ ਆਈ।
ਸਕੱਤਰ ਡਾ. ਰੂਪ ਸਿੰਘ ਨੇ ਸ. ਵੜੈਚ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼, ਮਨੁੱਖਤਾ ਦੀ ਸੇਵਾ, ਸਿੱਖ ਸਿਧਾਂਤਾਂ, ਮਰਯਾਦਾ, ਵਿਲੱਖਣਤਾ, ਅਸੂਲਾਂ ਤੇ ਸਿੱਖ ਵਿਰਾਸਤ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਲਿਵਤਾਰ ਸਿੰਘ ਨੇ ਡਾ. ਰੂਪ ਸਿੰਘ ਨੂੰ ਸਿੱਖਾਂ ਦੀ ਮੌਜੂਦਾ ਸਥਿਤੀ, ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਸਵਾਲ ਪੁੱਛੇ। ਜਿਨਾਂ ਦਾ ਜਵਾਬ ਦਿੰਦਿਆਂ ਡਾ. ਰੂਪ ਸਿੰਘ ਨੇ ਬਹੁਤ ਹੀ ਸਰਲ ਤਰੀਕੇ ਨਾਲ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ੮੦ ਦੇ ਕਰੀਬ ਵੱਡੇ ਗੁਰਦੁਆਰਿਆਂ ਦਾ ਸਮੁੱਚਾ ਪ੍ਰਬੰਧ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿਚ ਸਕੂਲ, ਕਾਲਜ, ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ, ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਸਿਹਤ ਸਹੂਲਤਾਂ ਲਈ ਕਈ ਹਸਪਤਾਲ, ਮੈਡੀਕਲ ਕਾਲਜ, ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਅਤੇ ਖੇਡਾਂ ਦੇ ਖੇਤਰ ਵਿਚ ਹਾਕੀ ਅਤੇ ਕਬੱਡੀ ਅਕੈਡਮੀਆਂ ਵੀ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਬਾਕੀ ਗੁਰਦੁਆਰਾ ਸਾਹਿਬਾਨ ਵਿਚ ਵੀ ਬਿਨਾਂ ਕਿਸੇ ਭੇਦ-ਭਾਵ ਦੇ ਲੱਖਾਂ ਸ਼ਰਧਾਲੂਆਂ ਨੂੰ ਰੋਜ਼ਾਨਾਂ ਲੰਗਰ ਛਕਾਇਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਮ ਲੋਕਾਂ ਦੀ ਮਦਦ ਲਈ ਕਈ ਤਰ੍ਹਾਂ ਦੇ ਫੰਡ ਵੀ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਕੈਂਸਰ ਫੰਡ ਤਹਿਤ ਕਿਸੇ ਵੀ ਜਾਤ, ਧਰਮ ਦੇ ਕੈਂਸਰ ਮਰੀਜ਼ ਨੂੰ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਮੌਕੇ ਡਾ. ਰੂਪ ਸਿੰਘ ਨੇ ਲਿਵਤਾਰ ਵੜੈਚ ਅਤੇ ਸਤਬੀਰ ਵੜੈਚ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਲਿਵਤਾਰ ਵੜੈਚ ਨੇ ਡਾ. ਰੂਪ ਸਿੰਘ ਦਾ ਸਿੱਖ ਧਰਮ ਬਾਰੇ ਮਹੱਤਵਪੂਰਨ ਜਾਣਕਾਰੀ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇੰਨੇ ਪ੍ਰਭਾਵਿਤ ਹੋਏ ਹਨ ਕਿ ਸਿੱਖੀ ਸਿਧਾਂਤਾਂ ਅਨੁਸਾਰ ਜੀਵਨ ਜੀਅ ਕੇ ਖੁਸ਼ੀ ਮਹਿਸੂਸ ਕਰਨਗੇ ਅਤੇ ਬਾਰ-ਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣਗੇ। ਇਸ ਮੌਕੇ ਸ. ਸ਼ਾਹਬਾਜ ਸਿੰਘ ਇੰਚਾਰਜ ਅਤੇ ਸ. ਅੰਮ੍ਰਿਤਪਾਲ ਸਿੰਘ ਸੂਚਨਾ ਅਧਿਕਾਰੀ ਵੀ ਹਾਜ਼ਰ ਸਨ।