ਅੰਮ੍ਰਿਤਸਰ ੨੯ ਦਸੰਬਰ ( ) – ਗਿਆਨੀ ਸੰਤ ਸਿੰਘ ਜੀ ਮਸਕੀਨ ਵਿਸ਼ਵ ਗੁਰਮਤਿ ਪ੍ਰਚਾਰ ਵਹੀਰ ਦੇ ਮੁੱਖ ਸੇਵਾਦਾਰ ਤੇ ਉੱਘੇ ਸਿੱਖ ਵਿਦਵਾਨ ਗਿਆਨੀ ਰਣਜੀਤ ਸਿੰਘ ਗੌਹਰ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ ਪੁਸਤਕ ਦਸਮੇਸ਼ ਪ੍ਰਕਾਸ਼ (ਸ੍ਰੀ ਗੁਰੂ ਗੋਬਿੰਦ ਸਿੰਘ:ਜੀਵਨ ਦਰਪਣ) ਇਕ ਸ਼ਲਾਘਾਯੋਗ ਕਾਰਜ ਹੈ।ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਵੱਲੋਂ ਭੇਟ ਕੀਤੀ ਗਈ ਉਕਤ ਪੁਸਤਕ ਨੂੰ ਪ੍ਰਾਪਤ ਕਰਨ ਉਪਰੰਤ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਗਿਆਨੀ ਰਣਜੀਤ ਸਿੰਘ ਗੌਹਰ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਪੁਸਤਕ ਦਸਮੇਸ਼ ਪ੍ਰਕਾਸ਼ (ਸ੍ਰੀ ਗੁਰੂ ਗੋਬਿੰਦ ਸਿੰਘ:ਜੀਵਨ ਦਰਪਣ) ਵਿੱਚ ਪ੍ਰਕਾਸ਼ਿਤ ਕੀਤੇ ਗਏ ਵੱਖ-ਵੱਖ ਉੱਘੇ ਵਿਦਵਾਨ ਲੇਖਕਾਂ ਦੇ ਖੋਜ ਭਰਪੂਰ ਲੇਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਕਈ ਸੂਖਮ ਪੱਖਾਂ ਨੂੰ ਬੜੀ ਖੂਬਸੂਰਤੀ ਢੰਗ ਨਾਲ ਬਿਆਨ ਕਰਦੇ ਹਨ ਜੋ ਕਿ ਇਕ ਨਿਵੇਕਲਾ ਤੇ ਵਿਲੱਖਣ ਕਾਰਜ ਹੈ।ਜਿਸ ਤੋਂ ਸੰਗਤਾਂ ਆਪਣੇ ਅਮੀਰ ਸਿੱਖੀ ਵਿਰਸੇ, ਲਾਸਾਨੀ ਇਤਿਹਾਸ ਤੋਂ ਲਾਹਾ ਲੈ ਕੇ ਆਪਣੇ ਬੋਧਿਕ ਗਿਆਨ ਵਿੱਚ ਹੋਰ ਵਾਧਾ ਕਰ ਸਕਣਗੀਆਂ।
ਇਸ ਦੌਰਾਨ ਦਸਮੇਸ਼ ਪ੍ਰਕਾਸ਼ ਪੁਸਤਕ ਦੇ ਮੁੱਖ ਸੰਪਾਦਕ ਡਾ. ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਕਤ ਪੁਸਤਕ ਅੰਦਰ ਉੱਘੇ ਸਿੱਖ ਵਿਦਵਾਨਾਂ ਤੇ ਲੇਖਕਾਂ ਵੱਲੋਂ ਲਿਖੇ ਗਏ ਖੋਜ ਭਰਪੂਰ ਲੇਖ ਪੁਨਰ ਸੰਪਾਦਿਤ ਕਰਕੇ ਪ੍ਰਕਾਸ਼ਿਤ ਕੀਤੇ ਗਏ ਹਨ ਜੋ ਕਲਗੀਧਰ ਪਿਤਾ ਜੀ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਨੂੰ ਉਭਾਰਦੇ ਹਨ।
ਇਸ ਸਮੇਂ ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ. ਸਤਬੀਰ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ, ਸ. ਕੁਲਵਿੰਦਰ ਸਿੰਘ ਘੁੰਮਣ, ਸ. ਜਗਜੀਤ ਸਿੰਘ ਗੁੰਮਨਾਮ ਤੇ ਸ. ਤਰਲੋਚਨ ਸਿੰਘ ਆਦਿ ਹਾਜ਼ਰ ਸਨ।