ਜਾਂਚ ਰਿਪੋਰਟ ਆਉਣ ਤਕ ਕਿਸੇ ਨੂੰ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ- ਸ. ਗੁਰਬਖਸ਼ ਸਿੰਘ ਖਾਲਸਾ
ਅੰਮ੍ਰਿਤਸਰ, 18 ਜੁਲਾਈ- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਘੱਟਣ ਸਬੰਧੀ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਪਸ਼ਚਾਤਾਪ ਵਜੋਂ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੇ ਫੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਜਿੰਨਾ ਚਿਰ ਇਸ ਦੀ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਓਨਾ ਚਿਰ ਇਸ ’ਤੇ ਕਿਸੇ ਨੂੰ ਵੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਬਿਆਨ ਵਿਚ ਸ. ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਅੰਤ੍ਰਿੰਗ ਕਮੇਟੀ ਨੇ ਸਮੁੱਚੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਸੀ, ਜਿਸ ਅਨੁਸਾਰ ਜਥੇਦਾਰ ਸਾਹਿਬ ਨੇ ਹਾਈ ਕੋਰਟ ਦੇ ਸੇਵਾ ਮੁੱਕਤ ਜੱਜ ਨੂੰ ਜਾਂਚ ਸੌਂਪੀ ਹੈ। ਇਸ ਸਬੰਧ ਵਿਚ ਜਾਂਚ ਰਿਪੋਰਟ ਆਉਣ ਤੱਕ ਕਿਸੇ ਨੂੰ ਵੀ ਬੋਲਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਸ. ਢੀਂਡਸਾ ਮਾਮਲੇ ਨੂੰ ਰਾਜਸੀ ਰੰਗਤ ਦੇ ਰਹੇ ਹਨ। ਜਦੋਂ ਸ਼੍ਰੋਮਣੀ ਕਮੇਟੀ ਨੇ ਨਿਰਪੱਖ ਜਾਂਚ ਕਰਵਾਉਣ ਦਾ ਫੈਸਲਾ ਲਿਆ ਹੈ ਤਾਂ ਫਿਰ ਸਭ ਨੂੰ ਉਡੀਕ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬੇਅਦਬੀ ਦਾ ਮਾਮਲਾ ਨਹੀਂ, ਸਗੋਂ ਅਣਗਹਿਲੀ ਹੈ। ਇਸ ਲਈ ਜਾਣਬੁਝ ਕੇ ਮਾਮਲੇ ਨੂੰ ਉਲਝਾਉਣਾ ਸਿਆਣਪ ਨਹੀਂ। ਸ. ਖਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਕਿ ਉਹ ਜਾਂਚ ਮੁਕੰਮਲ ਹੋਣ ਤੱਕ ਸਾਰੀਆਂ ਧਿਰਾਂ ਨੂੰ ਬਿਆਨਬਾਜ਼ੀ ਕਰਨ ’ਤੇ ਰੋਕ ਲਗਾਉਣ।