ਕੁਦਰਤੀ ਆਫ਼ਤਾਂ ਸਮੇਂ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹੀ ਹੈ ਸ਼੍ਰੋਮਣੀ ਕਮੇਟੀ-ਐਡਵੋਕੇਟ ਧਾਮੀ
ਅੰਮ੍ਰਿਤਸਰ, 7 ਫ਼ਰਵਰੀ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤੁਰਕੀ ਅਤੇ ਸੀਰੀਆ ’ਚ ਭੁਚਾਲ ਆਉਣ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ’ਤੇ ਦੁੱਖ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਐਡਵੋਕੇਟ ਧਾਮੀ ਨੇ ਭਾਰਤ ਵਿਚ ਤੁਰਕੀ ਦੇ ਅੰਬੈਸਡਰ ਫਿਰਾਤ ਸੁਨੇਲ, ਤੁਰਕੀ ਵਿਚ ਭਾਰਤ ਦੇ ਅੰਬੈਸਡਰ ਡਾ. ਵਰਿੰਦਰਪਾਲ, ਸੀਰੀਆ ਵਿਚ ਭਾਰਤ ਦੀ ਅੰਬੈਂਸੀ ਦੇ ਇੰਚਾਰਜ ਸ੍ਰੀ ਸੁਰਿੰਦਰ ਕੁਮਾਰ ਯਾਦਵ ਅਤੇ ਭਾਰਤ ਵਿਚ ਸੀਰੀਆ ਦੇ ਐਬੰਸਡਰ ਡਾ. ਬੱਸਮ ਸਿਫੇਦੀਨ ਅਲਖਾਤਿਬ ਨੂੰ ਪੱਤਰ ਲਿਖ ਕੇ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ‘ਵੰਡ ਛਕਣਾ’ ਅਤੇ ‘ਸਰਬੱਤ ਦਾ ਭਲਾ’ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਸ਼ ਕੀਤੇ ਮਹੱਤਵਪੂਰਨ ਸਿਧਾਂਤ ਹਨ ਅਤੇ ਇਸੇ ਦੀ ਰੌਸ਼ਨੀ ਵਿਚ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਲੋੜਵੰਦਾਂ ਦੀ ਸਹਾਇਤਾ ਲਈ ਕਾਰਜ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੁਦਰਤੀ ਆਫ਼ਤਾਂ ਸਮੇਂ ਮਨੁੱਖਤਾ ਦੀ ਸੇਵਾ ਵਿਚ ਹਮੇਸ਼ਾ ਹੀ ਤਤਪਰ ਰਹੀ ਹੈ ਅਤੇ ਲੋੜ ਅਨੁਸਾਰ ਲੋੜਵੰਦਾਂ ਲਈ ਸਹਾਇਤਾ ਦੇ ਤੌਰ ’ਤੇ ਕੱਪੜੇ, ਰਾਸ਼ਣ ਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਉਂਦੀ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਤੁਰਕੀ ਅਤੇ ਸੀਰੀਆ ਵਿਚ ਆਏ ਭੁਚਾਲ ਨਾਲ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਕਰਕੇ ਉਥੇ ਵੱਸਦੇ ਨਾਗਰਿਕਾਂ ਨਾਲ ਦਿਲੀ ਹਮਦਰਦੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਸਮੇਂ ਲੋਕਾਂ ਦੇ ਦੁੱਖ ਵਿਚ ਸ਼ਰੀਕ ਹਨ ਅਤੇ ਉਥੋਂ ਦੀਆਂ ਸਰਕਾਰਾਂ ਨੂੰ ਸਿੱਖ ਸੰਸਥਾ ਵੱਲੋਂ ਸਹਾਇਤਾ ਦੀ ਪੇਸ਼ਕਸ਼ ਕਰਦਿਆਂ ਸ਼੍ਰੋਮਣੀ ਕਮੇਟੀ ਨਾਲ ਤਾਲਮੇਲ ਦੀ ਅਪੀਲ ਕਰਦੇ ਹਨ।