ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ

ਸਿੱਖ ਨੌਜਵਾਨ ਗੁਰਮਤਿ ਚੇਤਨਾ ਸਮਾਗਮ ਇਤਿਹਾਸਿਕ ਹੋ ਨਿਬੜਿਆ

੨੦ ਹਜ਼ਾਰ ਤੋਂ ਜ਼ਿਆਦਾ ਨੌਜਾਵਨ ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ

4
ਸ੍ਰੀ ਅਨੰਦਪੁਰ ਸਾਹਿਬ, ੧੦ ਜਨਵਰੀ (         )-  ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ ‘ਸਿੱਖ ਨੌਜਵਾਨ ਗੁਰਮਤਿ ਚੇਤਨਾ ਸਮਾਗਮ’ ਇਤਿਹਾਸਿਕ ਹੋ ਨਿਬੜਿਆ। ਇਸ ਸਮਾਗਮ ਵਿਚ ਪੰਜਾਬ ਭਰ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ੨੦ ਹਜ਼ਾਰ ਤੋਂ ਜ਼ਿਆਦਾ ਗਿਣਤੀ ਵਿਚ ਸਿੱਖ ਨੌਜਵਾਨ ਸ਼ਾਮਲ ਹੋਏ। ਅੱਜ ਸਵੇਰ ਤੋਂ ਹੀ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਖ-ਵੱਖ ਥਾਵਾਂ ਤੋਂ ਪਹੁੰਚੇ ਨੌਜਵਾਨ ਵਿਦਿਆਰਥੀ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸਾਰੇ ਵਾਤਾਵਾਰਨ ਨੂੰ ਖਾਲਸਾਈ ਰੰਗ ਵਿਚ ਰੰਗ ਰਹੇ ਸਨ। ਇਸ ਦੇ ਨਾਲ ਹੀ ਖਾਲਸਾਈ ਬਾਣੇ ਵਿਚ ਤਿਆਰ ਨੌਜਾਵਨ ਤੇ ਬੈਂਡ ਦੀਆਂ ਟੀਮਾਂ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ। ਸਮਾਗਮ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੇ ਪੰਜਾਂ ਕਿਲ੍ਹਿਆਂ ਤੋਂ ਚੇਤਨਾ ਮਾਰਚ ਸਜਾਏ ਗਏ ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਨਿਸ਼ਾਨ ਸਾਹਿਬ ਨੂੰ ਸਲਾਮੀ ਨਾਲ ਸੰਪੰਨ ਹੋਏ। ਸਲਾਮੀ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਵੱਲੋਂ ‘ਦੇਹ ਸਿਵਾ ਬਰ ਮੋਹਿ ਇਹੈ’ ਸ਼ਬਦ ਦਾ ਗਾਇਨ ਭਾਵਪੂਰਤ ਢੰਗ ਕੀਤਾ ਗਿਆ।
1ਸਿੱਖ ਨੌਜਵਾਨ ਚੇਤਨਾ ਸਮਾਗਮ ਸਮੇਂ ਸ੍ਰੀ ਦਸਮੇਸ਼ ਦੀਵਾਨ ਹਾਲ ਵਿਖੇ ਹੋਏ ਮੁੱਖ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ ਵੱਲੋਂ ਸਿੱਖ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਇਹ ਉਪਰਾਲਾ ਨਿਰਸੰਦੇਹ ਸਾਰਥਿਕ ਨਤੀਜੇ ਦੇਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਵੀ ਕੀਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵਿਚਾਰਾਂ ਸਾਂਝੀਆਂ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਦਾ ਮੰਤਵ ਮੌਜੂਦਾ ਸਮੇਂ ਦੀ ਸਿੱਖ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਸਿਧਾਂਤਾਂ ਅਤੇ ਸਿੱਖ ਵਿਰਸੇ ਨਾਲ ਜੋੜਨਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਇਤਿਹਾਸ ਤੇ ਫਲਸਫੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਦਸਮੇਸ਼ ਪਿਤਾ ਜੀ ਦਾ ਸਮੁੱਚਾ ਜੀਵਨ ਹੀ ਕ੍ਰਾਂਤੀਕਾਰੀ ਅਤੇ ਮਨੁੱਖਤਾ ਨੂੰ ਅਗਵਾਈ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਦਸਮ ਪਾਤਸ਼ਾਹ ਵੱਲੋਂ ਕੌਮ ਖਾਤਰ ਸਮੁੱਚਾ ਪਰਿਵਾਰ ਕੁਰਬਾਨ ਕਰਨਾ ਆਪਣੇ ਆਪ ਵਿਚ ਮਿਸਾਲੀ ਹੈ, ਜਿਸ ਦੀ ਮਿਸਾਲ ਦੁਨੀਆਂ ਦੇ ਧਾਰਮਿਕ ਇਤਿਹਾਸ ਵਿਚ ਹੋਰ ਕਿਧਰੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਇਹ ਪਵਿਤਰ ਧਰਤੀ ਗੁਰੂ ਪਾਤਸ਼ਾਹ ਜੀ ਅਤੇ ਮਹਾਨ ਸਿੱਖਾਂ ਦੀ ਚਰਨ ਛੋਹ ਉਹ ਧਰਤੀ ਹੈ, ਜਿਸ ਨੇ ਦੁਨੀਆਂ ਦੇ ਇਤਿਹਾਸ ਦੀ ਧਾਰਾ ਹੀ ਬਦਲ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਥੇ ਸਾਜਿਆ ਗਿਆ ਖਾਲਸਾ ਮਨੁੱਖਤਾ ਦੀ ਰਖਵਾਲੀ ਲਈ ਅੱਗੇ ਹੋ ਕੇ ਜੂਝ ਮਰਨ ਦਾ ਚਾਅ ਆਪਣੇ ਸੀਨੇ ਵਿਚ ਰੱਖਦਾ ਆਇਆ ਹੈ। ਅੱਜ ਵੀ ਪਾਤਸ਼ਾਹ ਵੱਲੋਂ ਸਾਜੇ ਗਏ ਖਾਲਸਾ ਪੰਥ ਦੀ ਚੜ੍ਹਦੀ ਕਲਾ ਪੂਰੇ ਵਿਸ਼ਵ ਅੰਦਰ ਨਿਰਾਲੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਅਸੀਂ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਅਤੇ ਖਾਲਸਾਈ ਰਹਿਣੀ ਅਨੁਸਾਰ ਜੀਵਨ ਬਤੀਤ ਕਰੀਏ। ਉਨ੍ਹਾਂ ਸਿੱਖ ਨੌਜਵਾਨੀ ਨੂੰ ਕੌਮ ਦਾ ਭਵਿੱਖ ਦੱਸਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕੌਮੀ ਜ਼ਿੰਮੇਵਰੀਆਂ ਦੇ ਵਾਰਸ ਇਨ੍ਹਾਂ ਨੇ ਬਣਨਾ ਹੈ। ਇਸ ਲਈ ਜ਼ਰੂਰੀ ਹੈ ਕਿ ਕੌਮੀ ਜਜ਼ਬੇ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਦਸਮ ਪਾਤਸ਼ਾਹ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਕਾਲਜਾਂ ਅੰਦਰ ਸੈਮੀਨਾਰ ਕਰਵਾ ਕੇ ਨੌਜਵਾਨੀ ਨੂੰ ਸਿੱਖ ਵਿਰਸੇ ਤੇ ਦਸਮ ਗੁਰੂ ਜੀ ਦੇ ਇਤਿਹਾਸ ਨਾਲ ਜੋੜਿਆ ਜਾਵੇਗਾ। ਉਨ੍ਹਾਂ ਸਮਾਗਮ ਵਿਚ ਭਾਗ ਲੈਣ ਵਾਲੇ ਕਾਲਜਾਂ ਦੇ ਮੁਖੀਆਂ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਵੀ ਕੀਤਾ।
3ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ ਨੇ ਸਮਾਗਮ ਦੇ ਮਨੋਰਥ ਸਬੰਧੀ ਭਾਵਪੂਰਤ ਸ਼ਬਦਾਂ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ੩੫੦ ਸਾਲਾ ਪ੍ਰਕਾਸ਼ ਪੁਰਬ ਸਮੁੱਚੀ ਗੁਰੂ ਨਾਨਕ ਨਾਮ-ਲੇਵਾ ਸੰਗਤ ਵੱਲੋਂ ਉਤਸ਼ਾਹ ਪੂਰਵਕ ਮਨਾਇਆ ਗਿਆ ਹੈ। ਇਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਮਾਗਮ ਉਲੀਕੇ ਗਏ, ਜਿਸ ਦਾ ਹਿੱਸਾ ਹੀ ਅੱਜ ਦਾ ਸਮਾਗਮ ਹੈ। ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਕਿਹਾ ਕਿ ਜਿਸ ਕੌਮ ਦੀ ਨੌਜਵਾਨੀ ਆਪਣੇ ਧਰਮ ਦੀਆਂ ਕਦਰਾਂ-ਕੀਮਤਾਂ ਸਬੰਧੀ ਜਾਗਰੂਕ ਹੈ, ਉਸ ਦਾ ਆਉਣ ਵਾਲਾ ਕੱਲ੍ਹ ਉਜਵਲ ਤੇ ਬੁਲੰਦ ਹੋਣਾ ਸੁਭਾਵਿਕ ਹੈ।
ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਉੱਪ-ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਨੇ ਸਵਾਗਤੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਡਾ. ਧਰਮਿੰਦਰ ਸਿੰਘ ਉੱਭਾ ਡਾਇਰੈਕਟਰ ਵਿੱਦਿਆ ਵੱਲੋਂ ਕੀਤਾ ਗਿਆ। ਗੁਰਮਤਿ ਚੇਤਨਾ ਸਮਾਗਮ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਦੇ ਜਥੇ ਨੇ ਸ਼ਬਦ ਕੀਰਤਨ ਕੀਤਾ ਅਤੇ ਵੱਖ-ਵੱਖ ਕਾਲਜਾਂ/ਸਕੂਲਾਂ ਦੇ ਵਿਦਿਆਰਥੀਆਂ ਨੇ ਦਸਮੇਸ਼ ਪਿਤਾ ਦੇ ਜੀਵਨ ਤੇ ਆਧਾਰਤ ਢਾਡੀ ਵਾਰਾਂ, ਕਵੀਸ਼ਰੀ, ਕਵਿਤਾਵਾਂ, ਵਾਰ ਗਾਇਨ ਅਤੇ ਭਾਸ਼ਣ ਦੀ ਪੇਸ਼ਕਾਰੀ ਕੀਤੀ। ਇਸੇ ਦੌਰਾਨ ਸੁੰਦਰ ਦਸਤਾਰ, ਦੁਮਾਲਾ ਅਤੇ ਸਿੱਖੀ ਬਾਣੇ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਡਾ. ਗੁਰਵੀਰ ਸਿੰਘ ਤੇ ਪ੍ਰੋ. ਬਲਵਿੰਦਰ ਸਿੰਘ ਬਲਿੰਗ ਨੇ ਜੱਜ ਦੀ ਭੂਮਿਕਾ ਨਿਭਾਈ।
5ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਬੀਬੀ ਜੋਗਿੰਦਰ ਕੌਰ ਤੇ ਭਾਈ ਰਾਮ ਸਿੰਘ, ਮੈਂਬਰ ਪ੍ਰਿੰ. ਸੁਰਿੰਦਰ ਸਿੰਘ, ਬੀਬੀ ਰਣਜੀਤ ਕੌਰ ਮਾਹਿਲਪੁਰ, ਡਾ. ਜੰਗ ਬਹਾਦਰ ਸਿੰਘ, ਸ. ਦਲਜੀਤ ਸਿੰਘ ਭਿੰਡਰ, ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ, ਸ. ਅਵਤਾਰ ਸਿੰਘ ਸਕੱਤਰ, ਸ. ਕੇਵਲ ਸਿੰਘ, ਡਾ. ਪਰਮਜੀਤ ਸਿੰਘ ਸਰੋਆ ਤੇ ਸ. ਰਣਜੀਤ ਸਿੰਘ ਵਧੀਕ ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਸਿਮਰਜੀਤ ਸਿੰਘ ਮੀਤ ਸਕੱਤਰ, ਡਾ. ਪਰਮਵੀਰ ਸਿੰਘ ਮੈਂਬਰ ਸਿੱਖ ਇਤਿਹਾਸ ਰੀਸਰਚ ਬੋਰਡ, ਡਾ. ਗੁਰਮੋਹਨ ਸਿੰਘ ਵਾਲੀਆ ਵੀ.ਸੀ., ਡਾ. ਧਰਮਿੰਦਰ ਸਿੰਘ ਉੱਭਾ ਡਾਇਰੈਕਟਰ, ਬੀਬੀ ਸਤਵੰਤ ਕੌਰ ਤੇ ਬੀਬੀ ਵੰਦਨਾ ਡਿਪਟੀ ਡਾਇਰੈਕਟਰ, ਪ੍ਰਿੰ. (ਡਾ.) ਜਤਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਡਾ. ਗੁਰਵੀਰ ਸਿੰਘ, ਸ. ਮੁਖਤਾਰ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ, ਅਧਿਆਪਕ ਆਦਿ ਹਾਜ਼ਰ ਸਨ।