ਪੱਛਮੀ ਬੰਗਾਲ ’ਚ ਸਿੱਖ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਦਾ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 10 ਅਕਤੂਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਛਮੀ ਬੰਗਾਲ ’ਚ ਪੁਲਿਸ ਵੱਲੋਂ ਇਕ ਸਿੱਖ ਸੁਰੱਖਿਆ ਮੁਲਾਜ਼ਮ ਦੀ ਦਸਤਾਰ ਉਤਾਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਦਸਤਾਰ ਸਿੱਖ ਦਾ ਗੌਰਵ ਹੈ ਅਤੇ ਇਸੇ ਦਸਤਾਰ ਨੇ ਹੀ ਦੇਸ਼ ਦੇ ਸੱਭਿਆਚਾਰ ਨੂੰ ਬਚਾਉਣ ਵਿਚ ਵੱਡੀ ਭੂਮਿਕਾ ਨਿਭਾਈ। ਦੇਸ਼ ਦੀ ਅਜ਼ਾਦੀ ਵਿਚ 80 ਫੀਸਦੀ ਤੋਂ ਵੱਧ ਯੋਗਦਾਨ ਸਿੱਖਾਂ ਨੇ ਪਾਇਆ, ਪਰੰਤੂ ਹੈਰਾਨੀ ਵਾਲੀ ਗੱਲ ਹੈ ਕਿ ਸਿੱਖਾਂ ਦੀ ਦਸਤਾਰ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੱਛਮੀ ਬੰਗਾਲ ਅੰਦਰ ਸਿੱਖ ਸੁਰੱਖਿਆ ਕਰਮੀ ਦੇ ਕੇਸਾਂ ਅਤੇ ਦਸਤਾਰ ਦੀ ਬੇਅਦਬੀ ਨੇ ਪੂਰੇ ਸਿੱਖ ਜਗਤ ਅੰਦਰ ਰੋਸ ਪੈਦਾ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਥਾਵਾਂ ’ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਭਾਰਤ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਲਈ ਕਈ ਵਾਰ ਪੱਤਰ ਵੀ ਲਿਖੇ ਜਾ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸਾਂ ਅੰਦਰ ਵੀ ਇਸ ਬਾਰੇ ਮਤੇ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਕਿਸੇ ਸਿੱਖ ਦੀ ਦਸਤਾਰ ਦੀ ਤੌਹੀਨ ਪੂਰੇ ਦੇਸ਼ ਦੀ ਤੌਹੀਨ ਹੈ। ਭਾਰਤ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਅਜਿਹੇ ਮਾਮਲਿਆਂ ਸਬੰਧੀ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਹਰ ਸੂਬੇ ਅੰਦਰ ਸਿੱਖਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਚਿੰਨ੍ਹਾਂ ਦਾ ਸਤਿਕਾਰ ਲਾਜ਼ਮੀ ਬਣਾਉਣ ਲਈ ਠੋਸ ਕਦਮ ਚੁੱਕਣ। ਭਾਈ ਲੌਂਗੋਵਾਲ ਨੇ ਪੱਛਮੀ ਬੰਗਾਲ ਦੀ ਘਟਨਾ ਦੇ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ।