ਅੰਮ੍ਰਿਤਸਰ, 16 ਜੁਲਾਈ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬਾਨ ਲਈ ਵਰਤੇ ਜਾਂਦੇ ਦੇਸੀ ਘਿਉ ਅਤੇ ਸੁੱਕੇ ਦੁੱਧ ਦੇ ਟੈਂਡਰ ਮਾਮਲੇ ਨੂੰ ਜਾਣਬੁਝ ਕੇ ਉਲਝਾਉਣ ਵਾਲਿਆਂ ਨੂੰ ਜ਼ਾਬਤੇ ਵਿਚ ਰਹਿਣ ਦੀ ਤਾੜਨਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਕਿਹਾ ਕਿ ਕੁਝ ਲੋਕ ਨਿੱਜੀ ਹਿੱਤਾਂ ਲਈ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਟੈਂਡਰ ਪ੍ਰਕਿਰਿਆ ਨਿਯਮਾਂ ਅਨੁਸਾਰ ਮੁਕੰਮਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜਦੋਂ ਵੇਰਕਾ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਸੀ, ਤਾਂ ਉਸ ਵਕਤ ਵੀ ਕੁਝ ਲੋਕ ਉਲਟ ਬਿਆਨਬਾਜ਼ੀ ਕਰ ਰਹੇ ਸਨ। ਹਾਲਾਂਕਿ ਉਸ ਸਮੇਂ ਵੀ ਪੁੱਜੇ ਟੈਂਡਰਾਂ ਵਿੱਚੋਂ ਸਭ ਤੋਂ ਘੱਟ ਰੇਟ ਵਾਲੀ ਫਰਮ ਨੂੰ ਹੀ ਟੈਂਡਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਸਭ ਤੋਂ ਘੱਟ ਰੇਟ ਸੋਨਾਈ ਕੋਅਪਰੇਟਿਵ ਸੁਸਾਇਟੀ ਦਾ ਹੋਣ ਕਰਕੇ ਉਸ ਨੂੰ ਤਿੰਨ ਮਹੀਨੇ ਦਾ ਟੈਂਡਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਭ ਕੁਝ ਸਪੱਸ਼ਟ ਕਰਨ ਦੇ ਬਾਵਜੂਦ ਵੀ ਕੁਝ ਸਵਾਰਥੀ ਲੋਕ ਮਾਮਲੇ ਨੂੰ ਜਾਣ-ਬੁਝ ਕੇ ਉਭਾਰ ਰਹੇ ਹਨ। ਸ਼੍ਰੋਮਣੀ ਕਮੇਟੀ ਟੈਂਡਰ ਦੇਣ ਸਮੇਂ ਕੁਆਲਟੀ ਅਤੇ ਰੇਟ ਦੋਹਾਂ ਨੂੰ ਸਾਹਮਣੇ ਰੱਖਦੀ ਹੈ। ਸ. ਆਹਲੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਗਤ ਨੂੰ ਜੁਆਬਦੇਹ ਹੈ ਅਤੇ ਕਿਸੇ ਵੀ ਤਰ੍ਹਾਂ ਘੱਟ ਕੀਮਤ ’ਤੇ ਮਿਲਦੀ ਵਸਤੂ ਨੂੰ ਮਹਿੰਗੀ ਨਹੀਂ ਖਰੀਦਿਆ ਜਾ ਸਕਦਾ। ਜੇਕਰ ਵੇਰਕਾ ਇਸ ਕੀਮਤ ਤੋਂ ਘੱਟ ਰੇਟ ਦੇਵੇਗੀ ਤਾਂ ਸ਼੍ਰੋਮਣੀ ਕਮੇਟੀ ਅਗਲਾ ਟੈਂਡਰ ਉਸ ਨੂੰ ਦੇਣ ਲਈ ਸੋਚੇਗੀ। ਪਰੰਤੂ ਜੇਕਰ ਰੇਟ ਵਿਚ ਇਸੇ ਤਰ੍ਹਾਂ ਵੱਡਾ ਫ਼ਰਕ ਪਾਇਆ ਗਿਆ ਤਾਂ ਇਹ ਸੰਭਵ ਨਹੀਂ ਹੋ ਸਕਦਾ। ਦੁੱਧ ਪਦਾਰਥਾਂ ਦੇ ਮਿਆਰ ਸਬੰਧੀ ਸ. ਆਹਲੀ ਨੇ ਕਿਹਾ ਕਿ ਭਾਵੇਂ ਕਿਸੇ ਵੀ ਸਹਿਕਾਰੀ ਸੁਸਾਇਟੀ ਦੇ ਪਦਾਰਥਾਂ ਦੀ ਕੁਆਲਟੀ ਚੈੱਕ ਕਰਨਾ ਉਸ ਸੂਬੇ ਦੀ ਸਰਕਾਰ ਦੀ ਜ਼ੁੰਮੇਵਾਰੀ ਹੁੰਦੀ ਹੈ। ਪਰੰਤੂ ਫਿਰ ਵੀ ਸ਼੍ਰੋਮਣੀ ਕਮੇਟੀ ਸਮੇਂ ਸਮੇਂ ਮਿਆਦ ਚੈੱਕ ਕਰਦੀ ਰਹਿੰਦੀ ਹੈ। ਪਹਿਲੀਆਂ ਫਰਮਾਂ ਦੀ ਸਪਲਾਈ ਦੀ ਵੀ ਜਾਂਚ ਹੁੰਦੀ ਰਹੀ ਹੈ ਅਤੇ ਹੁਣ ਵਾਲੀ ਫਰਮ ਦੇ ਪਦਾਰਥਾਂ ਨੂੰ ਸਮੇਂ ਸਮੇਂ ਪਰਖਿਆ ਜਾਂਦਾ ਰਹੇਗਾ। ਸ. ਆਹਲੀ ਨੇ ਕਿਹਾ ਕਿ ਇਸ ਮਾਮਲੇ ਨੂੰ ਬਾਰ-ਬਾਰ ਮੁੱਦਾ ਬਣਾਉਣਾ ਸੰਗਤ ਦੀ ਭਾਵਨਾਵਾਂ ਨਾਲ ਖਿਲਵਾੜ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਸੰਸਥਾ ਦਾ ਅਕਸ ਖਰਾਬ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ।