ਅੰਮ੍ਰਿਤਸਰ 17 ਅਪ੍ਰੈਲ (      ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਜੋਰ ਦੇ ਕੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੀਕ ਚਲਾਈ ਗਈ ਰੇਲ ਗੱਡੀ ਇੰਟਰਸਿਟੀ ਨੰਬਰ ੦੪੫੦੫ ਨੰਗਲ ਡੈਮ ਜੋ ਕਿ ਸਵੇਰੇ ੮ ਵਜੇ ਚੱਲ ਕੇ ਅੰਮ੍ਰਿਤਸਰ ਦੁਪਹਿਰ ੧-੦੦ ਵਜੇ ਅਤੇ ੦੪੫੦੬ ਅੰਮ੍ਰਿਤਸਰ ਤੋਂ ਦੁਪਹਿਰ ੨-੦੦ ਵਜੇ ਚੱਲ ਕੇ ਰਾਤ ੭-੦੦ ਵਜੇ ਨੰਗਲ ਡੈਮ ਪਹੁੰਚਦੀ ਹੈ, ਇਨ੍ਹਾਂ ਰੇਲ ਗੱਡੀਆਂ ‘ਚ ਵੱਧ ਤੋਂ ਵੱਧ ਯਾਤਰੂ ਸਫਰ ਕਰਕੇ ਇਸ ਦਾ ਭਰਪੂਰ ਫਾਇਦਾ ਉਠਾਉਣ ਤੇ ਤਖ਼ਤ ਸਾਹਿਬਾਨਾਂ ਦੇ ਦਰਸ਼ਨ ਕਰਨ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਭਰਪੂਰ ਯਤਨਾਂ ਸਦਕਾ ਰੇਲਵੇ ਵਿਭਾਗ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੀਕ ਇੰਟਰਸਿਟੀ ਰੇਲ ਗੱਡੀ ਚਲਾਈ ਹੈ ਜੋ ਰੋਜ਼ਾਨਾ ਸ੍ਰੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਚੱਲਦੀ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਰੋਜ਼ਾਨਾ ਹੀ ਹਜ਼ਾਰਾਂ ਸੰਗਤਾਂ ਦਰਸ਼ਨਾਂ ਲਈ ਪੁੱਜਦੀਆਂ ਹਨ, ਹੁਣ ਇਸ ਰੇਲ ਗੱਡੀ ਦੇ ਚੱਲਣ ਨਾਲ ਸਫਰ ਸਸਤਾ ਤੇ ਸੋਖਾਲਾ ਹੋ ਗਿਆ ਹੈ ਇਸ ਲਈ ਸੰਗਤਾਂ ਨੂੰ ਇਸ ਦਾ ਭਰਪੂਰ ਲਾਭ ਲੈਣਾ ਚਾਹੀਦਾ ਹੈ।ਜਥੇਦਾਰ ਅਵਤਾਰ ਸਿੰਘ ਨੇ ਇਸ ਰੇਲ ਗੱਡੀ ਨੂੰ ਚਲਾਉਣ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।