ਪੰਜਾਬ ਭਰ ਤੋਂ ਤਕਰੀਬਨ ੯੦੦ ਗੁਰ ਸਿੱਖ ਬੱਚਿਆ ਨੇ ਹਿੱਸਾ ਲਿਆ
ਦੂਜਾ ਐਡੀਸ਼ਨ ੨੪ ਅਕਤੂਬਰ ਨੂੰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਹੋਵੇਗਾ

1-copy
ਅੰਮ੍ਰਿਤਸਰ ੨੨ ਅਕਤੂਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਯੋਗ ਅਗਵਾਈ ਹੇਠ ਸਿੱਖੀ ਦੇ ਪ੍ਰਸਾਰ-ਪ੍ਰਚਾਰ ਲਈ ਵਿਲੱਖਣ ਉਪਰਾਲਾ ਕਰਦਿਆਂ ਧਰਮ ਪ੍ਰਚਾਰ ਕਮੇਟੀ ਵੱਲੋਂ ‘ਗਾਵਹੁ ਸਚੀ ਬਾਣੀ’ ਪ੍ਰੋਗਰਾਮ ਦਾ ਪਹਿਲਾ ਐਡੀਸ਼ਨ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵੱਲਾ ਅੰਮ੍ਰਿਤਸਰ ਵਿਖੇ ਹੋਇਆ।ਜਿਸ ਵਿੱਚ ਪੰਜਾਬ ਭਰ ਤੋਂ ਤਕਰੀਬਨ ੯੦੦ ਗੁਰ ਸਿੱਖ ਬੱਚਿਆ ਨੇ ਹਿੱਸਾ ਲਿਆ।ਇਸ ਸਮੇਂ ਪ੍ਰੋਗਰਾਮ ਦੀ ਚੜ੍ਹਦੀ ਕਲਾ ਲਈ ਭਾਈ ਗੁਰਚਰਨ ਸਿੰਘ ਅਰਦਾਸੀਆਂ ਨੇ ਅਰਦਾਸ ਕੀਤੀ।ਬੱਚਿਆਂ ਦੀ ਹੌਂਸਲਾ ਅਫਜਾਈ ਲਈ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਕਮੇਟੀ ਮੈਂਬਰ, ਸ. ਹਰਚਰਨ ਸਿੰਘ ਮੁੱਖ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ. ਸਿਮਰਜੀਤ ਸਿੰਘ ਕੰਗ ਮੀਤ ਸਕੱਤਰ, ਸ. ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ, ਸ. ਜੋਗਿੰਦਰ ਸਿੰਘ ਸਕੱਤਰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਤੇ ਡਾ. ਏ ਪੀ ਸਿੰਘ ਆਦਿ ਹਾਜ਼ਰ ਸਨ।
2-copyਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰਤੀਯੋਗਤਾ ਵਿੱਚ ੧੬ ਤੋਂ ੨੪ ਸਾਲ ਤੱਕ ਦੀ ਉਮਰ ਦੇ ਪ੍ਰਤੀਯੋਗੀਆਂ ਦੇ ਗੁਰਬਾਣੀ ਕੀਰਤਨ ਮੁਕਾਬਲੇ ਕਰਵਾਏ ਗਏ ਹਨ ਜਿਸ ਵਿੱਚ ਪ੍ਰਤੀਯੋਗੀਆਂ ਵੱਲੋਂ ਕਿਸੇ ਵੀ ਰਾਗ ਵਿੱਚ ਇਕ-ਇਕ ਸ਼ਬਦ ਗਾਇਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਪਰਖਣ ਲਈ ਪਦਮਸ੍ਰੀ ਭਾਈ ਨਿਰਮਲ ਸਿੰਘ, ਭਾਈ ਗੁਰਮੀਤ ਸਿੰਘ ਸ਼ਾਂਤ ਤੇ ਪ੍ਰਿੰਸੀਪਲ ਸੁਖਵੰਤ ਸਿੰਘ  ਨੇ ਬਤੌਰ ਜੱਜ ਵਜੋਂ ਭੂਮਿਕਾ ਨਿਭਾਈ।ਉਨ੍ਹਾਂ ਕਿਹਾ ਕਿ ਅੱਜ ਦੇ ਐਡੀਸ਼ਨ ਦੌਰਾਨ ਪ੍ਰਤੀਯੋਗੀਆਂ ਨੂੰ ਪਹਿਲਾ ਪ੍ਰੀ-ਕੁਆਰਟਰ ਮੁਕਾਬਲੇ ‘ਚ ਪਰਖਿਆ ਗਿਆ ਉਪਰੰਤ ਚੁਣੇ ਗਏ ਬੱਚਿਆਂ ਨੂੰ ਮਾਹਰ ਜੱਜਾਂ ਦੀ ਕਸੌਟੀ ‘ਤੇ ਉਤਾਰਿਆ ਗਿਆ ਜਿਨ੍ਹਾਂ ਨੇ ੨੨ ਬੱਚਿਆਂ ਦੀ ਚੋਣ ਮੈਗਾ ਐਡੀਸ਼ਨ ਲਈ ਕੀਤੀ।ਉਨ੍ਹਾਂ ਕਿਹਾ ਕਿ ਪ੍ਰਤੀਯੋਗਤਾ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਪ੍ਰਤੀਯੋਗੀਆਂ ਨੂੰ ਕ੍ਰਮਵਾਰ ਪੰਜ ਲੱਖ, ਤਿੰਨ ਲੱਖ ਅਤੇ ਇਕ ਲੱਖ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।ਇਨ੍ਹਾਂ ਤੋਂ ਇਲਾਵਾ ਹੋਰ ਦੋ ਪ੍ਰਤੀਯੋਗੀਆਂ ਨੂੰ ਜਿਨ੍ਹਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਹੋਵੇਗਾ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।ਸ. ਬੇਦੀ ਨੇ ਕਿਹਾ ਕਿ ਇਸ ਪ੍ਰਤੀਯੋਗਤਾ ਦਾ ਦੂਜਾ ਐਡੀਸ਼ਨ ੨੪ ਅਕਤੂਬਰ ਨੂੰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਰੋਡ ਲੁਧਿਆਣਾ ਅਤੇ ਤੀਜਾ ਐਡੀਸ਼ਨ ਹਰਪਾਲ ਟਿਵਾਣਾ ਕਲਾ ਕੇਂਦਰ, ਨਾਭਾ ਰੋਡ ਨੇੜੇ ਪ੍ਰਦੂਸ਼ਣ ਕੰਟਰੋਲ ਦਫਤਰ, ਪਟਿਆਲਾ ਵਿਖੇ ਹੋਵੇਗਾ।ਇਨ੍ਹਾਂ ਐਡੀਸ਼ਨਾਂ ਦੌਰਾਨ ੭੨ ਪ੍ਰਤੀਯੋਗੀ ਚੁਣੇ ਜਾਣਗੇ।ਮੈਗਾ ਐਡੀਸ਼ਨ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਗਿਆਨੀ ਦਿੱਤ ਸਿੰਘ ਹਾਲ ਵਿੱਚ ੨ ਤੇ ੩ ਨਵੰਬਰ ਨੂੰ ਹੋਵੇਗਾ।    
3ਸ. ਬੇਦੀ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਉਨ੍ਹਾਂ ਦੀ ਸਹਿਯੋਗੀ ਟੀਮ ਨੇ ਬਹੁਤ ਮਿਹਨਤ ਨਾਲ ਇਹ ਕਾਰਜ ਕੀਤਾ ਹੈ ਜੋ ਪ੍ਰਸੰਸਾਜਨਕ ਹੈ।ਉਨ੍ਹਾਂ ਕਿਹਾ ਕਿ ਹੁਣ ਅਗਲੇ ਦੋ ਪੜਾਵਾਂ ਦੌਰਾਨ ਪ੍ਰਤੀਯੋਗੀਆਂ ਨੂੰ ਰਾਗ ਭੈਰੋਂ, ਰਾਗ ਬਿਲਾਵਲ, ਰਾਗ ਕਲਿਆਣ, ਰਾਗ ਟੋਡੀ, ਰਾਗ ਆਸਾ, ਰਾਗ ਧਨਾਸਰੀ ਅਤੇ ਰਾਗ ਤੁਖਾਰੀ ਪੇਸ਼ ਕਰਨੇ ਹੋਣਗੇ।ਇਸ ਪ੍ਰਤੀਯੋਗਤਾ ਵਿੱਚ ਚੁਣੇ ੩੬ ਪ੍ਰਤੀਯੋਗੀਆਂ ਨੂੰ ਅੱਗੇ ਹੋਰ ੬ ਪੜਾਵਾਂ ਵਿੱਚ ਦੀ ਗੁਜਰਨਾ ਹੋਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਪੜਾਵਾਂ ਦੌਰਾਨ ਪ੍ਰਤੀਯੋਗੀਆਂ ਨੂੰ ਰਾਗ ਮਲਹਾਰ, ਰਾਗ ਤਿਲੰਗ, ਰਾਗ ਸੋਰਠਿ, ਰਾਗ ਗੁਜਰੀ ਵਿੱਚ ਸ਼ਬਦ ਗਾਇਨ ਕਰਨੇ ਹੋਣਗੇ।ਇਨ੍ਹਾਂ ਪ੍ਰਤੀਯੋਗੀਆਂ ਵਿੱਚ ਚੁਣੇ ਗਏ ੧੬ ਪ੍ਰਤੀਯੋਗੀ ਅਗਲੇ ਪੜਾਅ ਦੌਰਾਨ ਰਾਗ ਮਾਰੂ ਅਤੇ ਰਾਗ ਬਿਹਾਗੜਾ ਵਿੱਚ ਸ਼ਬਦ ਗਾਇਨ ਕਰਨਗੇ।ਉਨ੍ਹਾਂ ਕਿਹਾ ਕਿ ਇਸ ਤੋਂ ਅਗਲੇ ਪੜਾਅ ਦੌਰਾਨ ਰਾਗ ਜੈ-ਜੈਵੰਤੀ ਅਤੇ ਰਾਗ ਗਉੜੀ ਵਿੱਚ ਸ਼ਬਦ ਗਾਇਨ ਮੁਕਾਬਲਾ ਹੋਵੇਗਾ।ਉਨ੍ਹਾਂ ਕਿਹਾ ਕਿ ਗਰੈਂਡ ਫਿਨਾਲੇ ਪੜਾਅ ਦੌਰਾਨ ਰਹਿ ਗਏ ਪੰਜ ਪ੍ਰਤੀਯੋਗੀਆਂ ਦੌਰਾਨ ਪੂਰਾ ਫਸਵਾਂ ਮੁਕਾਬਲਾ ਹੋਵੇਗਾ, ਜਿਸ ਦੌਰਾਨ ਪਹਿਲਾ, ਦੂਜਾ ਅਤੇ ਤੀਜਾ ਇਨਾਮ ਘੋਸ਼ਿਤ ਕੀਤਾ ਜਾਵੇਗਾ।