ਧਾਰਮਿਕ ਪ੍ਰੀਖਿਆ ’ਚ 50 ਹਜ਼ਾਰ ਵਿਦਿਆਰਥੀਆਂ ਨੇ ਲਿਆ ਸੀ ਭਾਗ 

ਅੰਮ੍ਰਿਤਸਰ, 10 ਨਵੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਵਿੱਚੋਂ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੇ 15 ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਨਾਮੀ ਰਾਸ਼ੀ ਪ੍ਰਾਪਤ ਕਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਵਿਚ ਧਾਰਮਿਕ ਪ੍ਰੀਖਿਆ ਦੇ ਵੱਖ-ਵੱਖ ਦਰਜਿਆਂ ਵਿੱਚੋਂ ਪਹਿਲੇ ਤਿੰੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਸ਼ਾਮਲ ਸਨ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 5100 ਰੁਪਏ, ਦੂਸਰੇ ਸਥਾਨ ’ਤੇ ਰਹਿਣ ਵਾਲਿਆਂ ਨੂੰ 4100 ਰੁਪਏ ਅਤੇ ਤੀਜੇ ਸਥਾਨ ਪ੍ਰਾਪਤ ਕਰਤਾ ਨੂੰ 3100 ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ। ਇਸ ਤੋਂ ਇਲਾਵਾ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਮੈਰਿਟ ਵਿਚ ਆਉਣ ਵਾਲੇ ਸਿੱਖਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿਚ ਹਜ਼ਾਰਾਂ ਵਿਦਿਆਰਥੀਆਂ ਵੱਲੋਂ  ਭਾਗ ਲਿਆ ਜਾਂਦਾ ਹੈ ਅਤੇ ਇਸ ਪ੍ਰੀਖਿਆ ਵਿੱਚੋਂ ਵਜ਼ੀਫ਼ੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2017 ਦੀ ਧਾਰਮਿਕ ਪ੍ਰੀਖਿਆ ਵਿਚ ਪੂਰੇ ਭਾਰਤ ਦੇ 650 ਸਕੂਲਾਂ ਕਾਲਜਾਂ ਦੇ ਪੰਜਾਹ ਹਜ਼ਾਰ ਦੇ ਲਗਭਗ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ 658 ਵਿਦਿਆਰਥੀਆਂ ਵੱਲੋਂ ਵਜ਼ੀਫ਼ਾ ਪ੍ਰਾਪਤ ਕੀਤਾ ਗਿਆ। ਇਸੇ ਸਾਲ ਦੀ ਧਾਰਮਿਕ ਪ੍ਰੀਖਿਆ ਦੇ ਵੱਖ-ਵੱਖ ਦਰਜਿਆਂ ਵਿੱਚੋਂ ਬਿਹਤਰ ਕਾਰਗੁਜਾਰੀ  ਦਿਖਾਉਣ ਵਾਲੇ 15 ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਧਾਰਮਿਕ ਪ੍ਰੀਖਿਆ ਦਾ ਮੰਤਵ ਬੱਚਿਆਂ ਅਤੇ ਨੌਜੁਆਨਾਂ ਨੂੰ ਸਿੱਖੀ ਦੇ ਸਿਧਾਂਤਾਂ ਅਤੇ ਗੁਰਮਤਿ ਸੱਭਿਆਚਾਰ ਨਾਲ ਜੋੜਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅੰਤ੍ਰਿੰਗ ਮੈਂਬਰ ਸ. ਲਖਬੀਰ ਸਿੰਘ ਅਰਾਈਆਂਵਾਲਾ, ਸ. ਗੁਰਤੇਜ ਸਿੰਘ ਢੱਡੇ, ਭਾਈ ਅਮਰਜੀਤ ਸਿੰਘ ਚਾਵਲਾ, ਸ. ਗੁਰਮੇਲ ਸਿੰਘ ਸੰਗਤਪੁਰਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਵਧੀਕ ਸਕੱਤਰ ਸ. ਬਿਜੈ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਜਗਜੀਤ ਸਿੰਘ ਜੱਗੀ, ਪ੍ਰੋ. ਸੁਖਦੇਵ ਸਿੰਘ ਇੰਚਾਰਜ ਧਾਰਮਿਕ ਪ੍ਰੀਖਿਆ ਆਦਿ ਹਾਜ਼ਰ ਸਨ।