ਅੰਮ੍ਰਿਤਸਰ, ੫ ਮਈ – ਨਾਨਕਸ਼ਾਹੀ ਕੈਲੰਡਰ ਅਨੁਸਾਰ ੨੫ ਵੈਸਾਖ (੮ ਮਈ ੨੦੧੮) ਨੂੰ ਆ ਰਹੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀ ਤਰੀਕ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ਾਂ ਤਹਿਤ ਦਰੁਸਤੀ ਕਰਦਿਆਂ ਹੁਣ ਇਹ ਗੁਰਪੁਰਬ ੨੫ ਜੇਠ (੭ ਜੂਨ ੨੦੧੮) ਨੂੰ ਮਨਾਇਆ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਰੀ ਇਕ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਤਰੀਕਾਂ ਸਬੰਧੀ ਸੰਗਤਾਂ ਵਿਚ ਪਾਈ ਜਾ ਰਹੀ ਦੁਬਿਧਾ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇਕ ਪੱਤ੍ਰਿਕਾ ਭੇਜ ਕੇ ਇਸ ਸਬੰਧੀ ਕੈਲੰਡਰ ਸਬ-ਕਮੇਟੀ ਵਿਚ ਵਿਚਾਰ ਕਰਨ ਲਈ ਕਿਹਾ ਗਿਆ ਸੀ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਕੈਲੰਡਰ ਸਬ-ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਪੇਸ਼ ਕੀਤੀ ਗਈ ਰਿਪੋਰਟ ਦੇ ਅਧਾਰ ‘ਤੇ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਹੋਈ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵਿਚ ਇਸ ਦਰੁਸਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਰੁਸਤੀ ਅਨੁਸਾਰ ਸੰਗਤਾਂ ਹੁਣ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ੨੫ ਜੇਠ ਸੰਮਤ ਨਾਨਕਸ਼ਾਹੀ ੫੫੦ ਮੁਤਾਬਿਕ ੭ ਜੂਨ ੨੦੧੮ ਨੂੰ ਮਨਾਉਣ।