ਅੰਮ੍ਰਿਤਸਰ, 15 ਮਾਰਚ- ਪਾਕਿਸਤਾਨ ਦੇ ਸੂਬਾ ਪੰਜਾਬ ਦੀ ਅਸੈਂਬਲੀ ਵਿਚ ਸਿੱਖਾਂ ਦੀ ਨਿਆਰੀ ਹੋਂਦ-ਹਸਤੀ ਦੇ ਪ੍ਰਤੀਕ ਅਨੰਦ ਕਾਰਜ ਐਕਟ ਦੇ ਪਾਸ ਹੋਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਇਸ ਕੌਮ ਦੇ ਸੰਸਕਾਰ, ਸੱਭਿਆਚਾਰ, ਰੀਤੀ-ਰਿਵਾਜ਼ ਬਾਕੀ ਧਰਮਾਂ ਨਾਲੋਂ ਨਿਰਾਲੇ ਹਨ। ਅਨੰਦ ਕਾਰਜ ਦੀ ਮਰਯਾਦਾ ਵੀ ਸਿੱਖ ਕੌਮ ਦੇ ਨਿਰਾਲੇਪਨ ਦੀ ਪ੍ਰਤੀਕ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਅੰਗਰੇਜ਼ ਸਰਕਾਰ ਸਮੇਂ ਸਿੱਖਾਂ ਦੇ ਵੱਖਰੇ ਅਨੰਦ ਮੈਰਿਜ ਐਕਟ ਦੀ ਮੰਗ ਉਠੀ ਸੀ ਪਰ ਲਗਭਗ ਇਕ ਸਦੀ ਤੱਕ ਇਹ ਮੰਗ ਪ੍ਰਵਾਨ ਨਹੀਂ ਹੋ ਸਕੀ। ਕੁਝ ਸਾਲ ਪਹਿਲਾਂ ਭਾਰਤ ਦੀ ਪਾਰਲੀਮੈਂਟ ‘ਚ ਅਨੰਦ ਮੈਰਿਜ ਐਕਟ ਪਾਸ ਹੋਣ ਤੋਂ ਬਾਅਦ ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿਚ ਅਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ ਅਤੇ ਹੁਣ ਪਾਕਿਸਤਾਨ ਵਿਚ ਵੀ ਇਹ ਪਾਸ ਹੋ ਗਿਆ ਹੈ। ਭਾਈ ਲੌਂਗੋਵਾਲ ਨੇ ਪਾਕਿਸਤਾਨ ਵਿਚ ਅਨੰਦ ਮੈਰਿਜ ਐਕਟ ਪਾਸ ਕਰਨ ‘ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਹੁਣ ਜਦੋਂ ਗੁਆਂਢੀ ਦੇਸ਼ ਦੀ ਸਰਕਾਰ ਨੇ ਵੀ ਸਿੱਖਾਂ ਦੇ ਨਿਰਾਲੇਪਨ ਨੂੰ ਪ੍ਰਵਾਨ ਕਰ ਲਿਆ ਹੈ ਤਾਂ ਭਾਰਤ ਦੇ ਜਿਨ੍ਹਾਂ ਸੂਬਿਆਂ ਵਿਚ ਅਜੇ ਤਕ ਅਨੰਦ ਮੈਰਿਜ ਐਕਟ ਲਾਗੂ ਨਹੀਂ ਹੋਇਆ ਉਨ੍ਹਾਂ ਨੂੰ ਵੀ ਤੁਰੰਤ ਲਾਗੂ ਕਰਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ। ਉਨ੍ਹਾਂ ਪਾਕਿਸਤਾਨ ਦੇ ਸਿੱਖ ਆਗੂ ਰਮੇਸ਼ ਸਿੰਘ ਅਰੋੜਾ ਸਮੇਤ ਅਨੰਦ ਕਾਰਜ ਐਕਟ ਲਾਗੂ ਕਰਵਾਉਣ ਲਈ ਯਤਨ ਕਰਨ ਵਾਲੀਆਂ ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ ਅਤੇ ਪਾਕਿਸਤਾਨ ਦੇ ਸਿੱਖਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਵੀ ਦਿੱਤੀ।