ਅੰਮ੍ਰਿਤਸਰ, 2 ਮਈ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਪਾਕਿਸਤਾਨ ਦੀ ਫੌਜ ਵੱਲੋਂ ਸਰਹੱਦ ‘ਤੇ ਕੀਤੀ ਅਨੈਤਿਕ ਹਰਕਤ ਨੂੰ ਅਣਮਨੁੱਖੀ ਵਰਤਾਰੇ ਦੀ ਸਿਖਰ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਦੀ ਫੌਜ ਵੱਲੋਂ ਭਾਰਤੀ ਫੌਜੀਆਂ ਜਿਨ੍ਹਾਂ ਵਿਚ ਇਕ ਸਿੱਖ ਵੀ ਸ਼ਾਮਲ ਹੈ ਦੇ ਸਿਰ ਕਲਮ ਕਰਨੇ ਸ਼ਰਮਨਾਕ ਕਾਰਾ ਹੈ। ਇਸ ਨੂੰ ਦੇਸ਼ ਭਗਤੀ ਨਹੀਂ ਆਖਿਆ ਜਾ ਸਕਦਾ ਸਗੋਂ ਇਹ ਤਾਂ ਬੌਣੀ ਸੋਚ ਦਾ ਪ੍ਰਗਟਾਵਾ ਹੈ। ਉਨ੍ਹਾਂ ਆਖਿਆ ਕਿ ਜੰਗ ਦੇ ਵੀ ਅਸੂਲ ਹੁੰਦੇ ਹਨ ਜਿਸ ਵਿਚ ਨੈਤਿਕਤਾ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਵਰਤਾਰੇ ‘ਤੇ ਰੋਕ ਲਗਾਉਣ ਲਈ ਅੱਗੇ ਆਏ ਤਾਂ ਜੋ ਦੇਸ਼ ਦੀ ਰਾਖੀ ਲਈ ਸਰਹੱਦਾਂ ‘ਤੇ ਜੂਝਦੇ ਜਵਾਨਾਂ ਦਾ ਹੌਸਲਾ ਬਰਕਰਾਰ ਰਹੇ। ਉਨ੍ਹਾਂ ਕਿਹਾ ਕਿ ਇਸ ਅਣਮਨੁੱਖੀ ਵਰਤਾਰੇ ਦਾ ਸ਼ਿਕਾਰ ਪੰਜਾਬ ਦਾ ਰਹਿਣ ਵਾਲਾ ਇੱਕ ਸਿੱਖ ਜਵਾਨ ਨਾਇਬ ਸੂਬੇਦਾਰ ਸ. ਪਰਮਜੀਤ ਸਿੰਘ ਵੀ ਹੋਇਆ ਹੈ। ਉਨ੍ਹਾਂ ਸ਼ਹੀਦ ਸ. ਪਰਮਜੀਤ ਸਿੰਘ ਦੇ ਜਜ਼ਬੇ ਦਾ ਸਤਿਕਾਰ ਕਰਦਿਆਂ ਉਸਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।