ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਵੱਲੋਂ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਲਈ ਦੋ-ਦੋ ਦਿਨ ਦੀ ਤਨਖ਼ਾਹ ਦੇਣ ਦਾ ਐਲਾਨ

ਸ੍ਰੀ ਗੁਰੂ ਅਰਜਨ ਦੇਵ ਨਿਵਾਸ ਤੋਂ ਦਫ਼ਤਰ ਡਿਪਟੀ ਕਮਿਸ਼ਨਰ ਤੱਕ ਰੋਸ ਮਾਰਚ ਕੀਤਾ

ਅੰਮ੍ਰਿਤਸਰ :20 ਅਕਤੂਬਰ (        ) ਪੰਜਾਬ ਦੇ ਪਿੰਡ ਬਰਗਾੜੀ (ਫਰੀਦਕੋਟ), ਬਾਠ (ਤਰਨ ਤਾਰਨ), ਲਾਜੂ ਸ਼ਾਹਮਿਸ਼ਰੀ (ਫਿਰੋਜ਼ਪੁਰ), ਸਰਾਏ ਨਾਗਾ (ਮੁਕਤਸਰ) ਆਦਿ ਵੱਖ-ਵੱਖ ਥਾਵਾਂ ਤੇ ਪਿਛਲੇ ਕੁਝ ਦਿਨਾਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਘੋਰ ਪਾਪ ਕਰਦਿਆਂ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ ਬੇਅਦਬੀ ਕੀਤੀ ਗਈ, ਜੋ ਨਾ ਸਹਾਰਨਯੋਗ ਹੈ।ਇਸ ਸਬੰਧੀ ਪਸ਼ਚਾਤਾਪ ਕਰਨ, ਇਸ ਦੇ ਰੋਸ ਵਜੋਂ ਧਰਨੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਲਾਜਮਾ ਅਤੇ ਸ਼੍ਰੋਮਣੀ ਰਾਗੀ ਸਭਾ ਵੱਲੋਂ ਅੱਜ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਇਸ ਸਮੇਂ ਭਾਈ ਸਤਨਾਮ ਸਿੰਘ, ਭਾਈ ਕਰਨੈਲ ਸਿੰਘ ਤੇ ਭਾਈ ਗੁਰਕੀਰਤ ਸਿੰਘ ਦੇ ਹਜ਼ੂਰੀ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ।ਅਰਦਾਸ ਭਾਈ ਕੁਲਵਿੰਦਰ ਸਿੰਘ ਮੁੱਖ ਅਰਦਾਸੀਆਂ ਸ੍ਰੀ ਹਰਿਮੰਦਰ ਸਾਹਿਬ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।
ਇਸ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਮੁੱਚਾ ਸਟਾਫ ਅਤੇ ਸ਼੍ਰੋਮਣੀ ਰਾਗੀ ਸਭਾ ਵੱਲੋਂ ਭਾਈ ਰਵਿੰਦਰ ਸਿੰਘ ਰਾਗੀ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ।ਦਫ਼ਤਰ ਡਿਪਟੀ ਕਮਿਸ਼ਨਰ ਅੱਗੇ ਸਮੁੱਚੇ ਮੁਲਾਜਮਾਂ ਵੱਲੋਂ ਚੌਪਈ ਸਾਹਿਬ ਅਤੇ ਮੂਲ ਮੰਤਰ ਦੇ ਪੰਜ-ਪੰਜ ਪਾਠ ਕਰਨ ਉਪਰੰਤ ਸਤਿਨਾਮੁ ਵਾਹਿਗਰੂ ਦਾ ਜਾਪ ਕੀਤਾ ਗਿਆ।

ਇਸ ਸਮੇਂ ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ ਸਕੱਤਰ ਤੇ ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਭਾਈ ਰਵਿੰਦਰ ਸਿੰਘ ਰਾਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨਾ ਤੋਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਸੋਚੀ ਸਮਝੀ ਸਾਜਿਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੱਤਰੇ ਪਾੜ ਕੇ ਪੰਥ ਦੋਖੀਆਂ ਵੱਲੋਂ ਘੋਰ ਬੇਅਦਬੀ ਕੀਤੀ ਜਾ ਰਹੀ ਹੈ ਜੋ ਨਾ ਸਹਾਰਨਯੋਗ ਹੈ।ਇਸ ਘਿਨਾਉਣੀ ਹਰਕਤ ਦਾ ਵਿਸ਼ਵ ਭਰ ਦੇ ਸਿੱਖਾਂ ਵੱਲੋਂ ਆਪਣੇ-ਆਪਣੇ ਤਰੀਕੇ ਨਾਲ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ।ਪੰਜਾਬ ਵਿੱਚ ਇਸ ਦਾ ਵਿਰੋਧ ਕਰਦਿਆਂ ਦਿੱਤੇ ਜਾ ਰਹੇ ਰੋਸ ਧਰਨੇ ਦੌਰਾਨ ਦੋ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਤੇ ਬਹੁਤ ਸਾਰਿਆਂ ਨੂੰ ਫੱਟੜ ਕਰ ਦਿੱਤਾ ਗਿਆ।ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜਮਾਂ ਨੇ ਇਸ ਦਰਦ ਨੂੰ ਨਾ ਸਹਾਰਦਿਆਂ ਪਹਿਲਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਤੇ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੀਕ ਸਿਰਾਂ ਤੇ ਕਾਲੀਆਂ ਦਸਤਾਰਾਂ ਬੰਨ੍ਹ ਕੇ ਤੇ ਹੱਥਾਂ ਵਿੱਚ ਕਾਲੀਆਂ ਝੰਡੀਆ ਫੜ ਕੇ ਰੋਸ ਮਾਰਚ ਕੱਢਿਆ।ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ ਤੇ ਅੱਗੇ ਤੋਂ ਅਜਿਹੀਆਂ ਹਿਰਦੇ ਵੇਦਕ ਘਟਨਾਵਾਂ ਨੂੰ ਸਦੀਵੀ ਰੋਕਣ ਦਾ ਪ੍ਰਬੰਧ ਕੀਤਾ ਜਾਵੇ।ਇਸ ਮੌਕੇ ਡਾਕਟਰ ਰੂਪ ਸਿੰਘ ਨੇ ਸਮੁੱਚੇ ਮੁਲਾਜ਼ਮਾਂ ਵੱਲੋਂ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਲਈ ਦੋ-ਦੋ ਦਿਨ ਦੀ ਤਨਖ਼ਾਹ ਦੇਣ ਦਾ ਵੀ ਐਲਾਨ ਕੀਤਾ।

ਇਸ ਸਮੇਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਆਪਣੇ ਦਫ਼ਤਰ ਤੋਂ ਉੱਠ ਕੇ ਬਾਹਰ ਸਮੁੱਚੇ ਮੁਲਾਜਮਾਂ ‘ਚ ਆਏ ਤੇ ਉਨ੍ਹਾਂ ਕਿਹਾ ਕਿ ਸਮੁੱਚੇ ਮੁਲਾਜਮਾਂ ਦੀਆਂ ਭਾਵਨਾਵਾਂ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿਉਂਕਿ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਰਿਆਂ ਲਈ ਹੀ ਸਤਿਕਾਰਯੋਗ ਹਨ।ਉਨ੍ਹਾਂ ਕਿਹਾ ਕਿ ਸਮੂਹ ਮੁਲਾਜ਼ਮਾਂ ਦੀ ਆਵਾਜ਼ ਤੁਰੰਤ ਸਰਕਾਰ ਤੀਕ ਪਹੁੰਚਾਈ ਜਾਵੇਗੀ।ਉੇਨ੍ਹਾਂ ਕਿਹਾ ਕਿ ਅਸੀਂ ਸਾਰੇ ਧਰਮਾਂ ਦੇ ਮੁਖੀਆਂ ਨਾਲ ਇਕੱਤਰਤਾ ਕੀਤੀ ਹੈ ਤੇ ਸਾਰੇ ਹੀ ਇਨ੍ਹਾਂ ਦੁਖਦਾਈ ਘਟਨਾਵਾਂ ਤੋਂ ਬੇਹੱਦ ਦੁਖੀ ਤੇ ਚਿੰਤਤ ਹਨ।ਉਨ੍ਹਾਂ ਕਿਹਾ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਹੈ ਕਿ ਜਲਦੀ ਹੀ ਦੋਸ਼ੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ।

ਇਸ ਮੌਕੇ ਭਾਈ ਰਾਮ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ, ਸ. ਪਰਤਾਪ ਸਿੰਘ ਮੈਨੇਜਰ, ਸ. ਦਿਲਜੀਤ ਸਿੰਘ ਬੇਦੀ, ਸ.ਹਰਭਜਨ ਸਿੰਘ ਮਨਾਵਾਂ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਮਹਿੰਦਰ ਸਿੰਘ ਆਹਲੀ, ਸ. ਰਣਜੀਤ ਸਿੰਘ ਤੇ ਸ. ਜਸਪਾਲ ਸਿੰਘ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਭਾਈ ਉਂਕਾਰ ਸਿੰਘ, ਭਾਈ ਹਰਚਰਨ ਸਿੰਘ ਖਾਲਸਾ, ਭਾਈ ਤਾਰਬਲਬੀਰ ਸਿੰਘ, ਭਾਈ ਸਤਿੰਦਰਬੀਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਕਾਰਜ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਜੁਝਾਰ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਗੁਰਕੀਰਤ ਸਿੰਘ, ਭਾਈ ਸ਼ੌਕੀਨ ਸਿੰਘ, ਭਾਈ ਅਰਜਨ ਸਿੰਘ, ਭਾਈ ਜਗਤਾਰ ਸਿੰਘ, ਭਾਈ ਸੁਖਜਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਭਾਈ ਜਸਵੰਤ ਸਿੰਘ (ਸਾਬਕਾ ਹਜ਼ੂਰੀ ਰਾਗੀ) ਤੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।