ਅੰਮ੍ਰਿਤਸਰ, ੧੭ ਮਈ – ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ‘ਚ ਸਿੱਖ ਭਾਈਚਾਰੇ ਲਈ ਅੰਤਮ ਸੰਸਕਾਰ ਦੀ ਜਗ੍ਹਾ ਦਾ ਨਾ ਹੋਣਾ ਮਾੜੀ ਗੱਲ ਹੈ ਅਤੇ ਇਹ ਪਾਕਿਸਤਾਨ ਅੰਦਰ ਵੱਸਦੇ ਘੱਟ ਗਿਣਤੀ ਸਿੱਖਾਂ ਨਾਲ ਨਾਇਨਸਾਫੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਇਕ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਦੁਖ ਦੀ ਗੱਲ ਹੈ ਕਿ ਘੱਟ ਗਿਣਤੀ ਸਿੱਖਾਂ ਨੂੰ ਅੰਤਮ ਰਸਮਾਂ ਨਿਭਾਉਣ ਲਈ ਅੰਤਮ ਅਸਥਾਨ ਬਣਵਾਉਣ ਵਾਸਤੇ ਅਦਾਲਤ ਦਾ ਸਹਾਰਾ ਲੈਣਾ ਪੈ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਅੰਦਰ ਵੱਸਦੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕੀਤੀ ਜਾਵੇ, ਕਿਉਂਕਿ ਸਿੱਖ ਮਰਯਾਦਾ ਅਨੁਸਾਰ ਸਿੱਖਾਂ ਦੇ ਅੰਤਮ ਸੰਸਕਾਰ ਦਾ ਆਪਣਾ ਇਕ ਵਿਧੀ ਵਿਧਾਨ ਹੈ ਜਿਸ ਅਨੁਸਾਰ ਉਹ ਅੰਤਮ ਰਸਮਾਂ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਥਾਨਕ ਸਿੱਖਾਂ ਦੀ ਪਿਸ਼ਾਵਰ ਵਿਚ ਅੰਤਮ ਅਸਥਾਨ ਬਣਾਉਣ ਦੀ ਮੰਗ ਨੂੰ ਸਰਕਾਰ ਸੰਜੀਦਗੀ ਨਾਲ ਲਵੇ ਅਤੇ ਇਸ ਤੋਂ ਇਲਾਵਾ ਪਾਕਿਸਤਾਨ ‘ਚ ਵਸਦੇ ਸਿੱਖਾਂ ਨੂੰ ਆ ਰਹੀਆਂ ਹੋਰ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾਵੇ।