ਅੰਮ੍ਰਿਤਸਰ, 02 ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗੋਸਲ ਵਿਖੇ ਸ਼ਾਰਟ ਸਰਕਟ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਅਤੇ ਸਮਾਣਾ ਨੇੜਲੇ ਪਿੰਡ ਖੇੜੀ ਫੱਤਣ ਵਿਖੇ ਇਕ ਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪਿੰਡ ਗੋਸਲ ਦੀ ਘਟਨਾ ਸਬੰਧੀ ਉਨ੍ਹਾਂ ਕਿਹਾ ਕਿ ਬਾਰ-ਬਾਰ ਸੰਗਤਾਂ ਨੂੰ ਅਪੀਲ ਕਰਨ ਦੇ ਬਾਵਜੂਦ ਵੀ ਬਿਜਲੀ ਉਪਕਰਣਾਂ ਦੁਆਰਾ ਗੁਰੂ ਘਰਾਂ ਅੰਦਰ ਅੱਗ ਲੱਗਣ ਦੀਆਂ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਹਨ। ਗੁਰਦੁਆਰਾ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੂੰ ਸੁਚੇਤ ਰੂਪ ਵਿਚ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਅਤੇ ਬਿਜਲੀ ਉਪਕਰਣ ਲੋੜ ਅਨੁਸਾਰ ਹੀ ਚਲਾਏ ਜਾਣੇ ਚਾਹੀਦੇ ਹਨ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਮਾਣਾ ਨੇੜਲੇ ਪਿੰਡ ਖੇੜੀ ਫੱਤਣ ਵਿਖੇ ਇਕ ਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਘਟਨਾ ਨੂੰ ਵੀ ਬੇਹੱਦ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਨੇ ਇਕ ਵਾਰ ਫਿਰ ਸਵਾਲ ਪੈਦਾ ਕਰ ਦਿੱਤਾ ਹੈ ਕਿ ਬਾਰ ਬਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਤੋਂ ਬਾਅਦ ਵੀ ਸਰਕਾਰ ਵੱਲੋਂ ਇਨ੍ਹਾਂ ਦੇ ਅਸਲ ਕਾਰਨਾਂ ਦੀ ਤਹਿ ਤੱਕ ਕਿਉਂ ਨਹੀਂ ਪਹੁੰਚਿਆਂ ਜਾ ਸਕਿਆ। ਭਾਈ ਲੌਂਗੋਵਾਲ ਨੇ ਆਖਿਆ ਕਿ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਸਰਕਾਰਾਂ ਨੂੰ ਸਖ਼ਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਵੀ ਆਪਣੀ ਜਿੰਮੇਵਾਰੀ ਸੁਹਿਰਦਤਾ ਨਾਲ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਾਰ ਬਾਰ ਅਪੀਲਾਂ ਕਰਨ ਦੇ ਬਾਵਜੂਦ ਵੀ ਗੁਰੂ ਘਰਾਂ ਅੰਦਰ ਪਹਿਰੇਦਾਰੀ ਲਾਜ਼ਮੀ ਨਹੀਂ ਕੀਤਾ ਜਾ ਰਹੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਪਿੰਡ ਖੇੜੀ ਫੱਤਣ ਵਿਖੇ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਪਟਿਆਲਾ ਦੇ ਮੈਨੇਜਰ ਸ. ਕਰਨੈਲ ਸਿੰਘ ਦੀ ਅਗਵਾਈ ਵਿਚ ਇਕ ਟੀਮ ਭੇਜੀ ਗਈ ਹੈ।