ਸਾਰੇ ਸਮਾਗਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਲ ਮਿਲ ਕੇ ਕੀਤੇ ਜਾਣ -ਭਾਈ ਲੌਂਗੋਵਾਲ

ਅੰਮ੍ਰਿਤਸਰ, 19 ਨਵੰਬਰ-
ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਸਬੰਧੀ ਇਸ ਸਾਲ ਸ਼ੁਰੂ ਕੀਤੇ ਜਾਣ ਵਾਲੇ ਸਮਾਗਮਾਂ ਦੌਰਾਨ ੨੩ ਨਵੰਬਰ ੨੦੧੮ ਦੇ ਸਮਾਗਮ ਵਿਚ ਸ਼ਮੂਲੀਅਤ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਤੌਰ ‘ਤੇ ਮਿਲ ਕੇ ਸੱਦਾ ਦਿੱਤਾ ਹੈ। ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਭਾਈ ਲੌਂਗੋਵਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਇੱਕ ਹੀ ਸਟੇਜ ਤੋਂ ਹੋਣੇ ਚਾਹੀਦੇ ਹਨ ਅਤੇ ਇਸ ਵਿਚ ਸਾਰਿਆਂ ਨੂੰ ਪਾਰਟੀਬਾਜੀ ਤੋਂ ਉੱਪਰ ਉਠ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਮੁੱਚੇ ਸਿੱਖ ਜਗਤ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਭਾਰਤ ਸਮੇਤ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਰਲ-ਮਿਲ ਕੇ ਮਨਾਉਣ ਲਈ ਪਹੁੰਚ ਕੀਤੀ ਜਾ ਰਹੀ ਹੈ ਅਤੇ ਇਸੇ ਤਹਿਤ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲਣੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ ਇਸੇ ਸਾਲ ਤੋਂ ਕੀਤੀ ਜਾ ਰਹੀ ਹੈ ਜਿਸ ਤਹਿਤ ੨੨ ਤੇ ੨੩ ਨਵੰਬਰ ਨੂੰ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਭ ਨੂੰ ਨਾਲ ਲੈ ਕੇ ਸਾਂਝੇ ਤੌਰ ‘ਤੇ ਗੁਰੂ ਸਾਹਿਬ ਜੀ ਦਾ ਇਹ ਇਤਿਹਾਸਕ ਪੁਰਬ ਮਨਾਉਣ ਦੀ ਇਛੁਕ ਹੈ ਅਤੇ ਸਾਰੀਆਂ ਹੀ ਧਿਰਾਂ ਨੂੰ ਇਸ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਪੂਰਨ ਆਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਖਰੇ ਸਰਕਾਰੀ ਪ੍ਰੋਗਰਾਮ ਕਰਨ ਦੀ ਥਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਵਿਚ ਸ਼ਮੂਲੀਅਤ ਕਰਨਗੇ। ਮੁੱਖ ਮਤਰੀ ਨੂੰ ਸੱਦਾ ਦੇਣ ਸਮੇਂ ਭਾਈ ਲੌਂਗੋਵਾਲ ਨਾਲ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਤੇ ਹੋਰ ਮੌਜੂਦ ਸਨ।