2 1ਆਪਣੇ ਕਾਰਜਕਾਲ ਸਮੇਂ ਸਹਿਯੋਗ ਦੇਣ ਤੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਮੁੱਚੇ ਅਕਾਲੀ ਦਲ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ
ਸਰਹੱਦੀ ਖੇਤਰ ‘ਚੋਂ ਇਲਾਕੇ ਖਾਲੀ ਕਰਕੇ ਆਉੇਣ ਵਾਲੇ ਲੋਕਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਤੇ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਲਏ ਗਏ ਅਹਿਮ ਫੈਸਲੇ
ਅੰਮ੍ਰਿਤਸਰ 29 ਸਤੰਬਰ (         ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਦਸਵੀਂ, ਦੇਗਸਰ, ਪਿੰਡ ਕਟਾਣਾ ਸਾਹਿਬ, ਲੁਧਿਆਣਾ ਦੇ ਇਕੱਤਰਤਾ ਘਰ ਵਿਖੇ ਹੋਈ।ਜਿਸ ਵਿੱਚ ਅਮਲਾ ਵਿਭਾਗ, ਟਰੱਸਟ ਵਿਭਾਗ, ਵਿਦਿਅਕ ਅਦਾਰੇ ਅਤੇ ਸੈਕਸ਼ਨ ੮੫ ਤੇ ੮੭ ਦੇ ਗੁਰਦੁਆਰਾ ਸਾਹਿਬਾਨ ਦੇ ਕੇਸਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਕੱਤਰਤਾ ਦੀ ਆਰੰਭਤਾ ਮੂਲ ਮੰਤਰ ਦੇ ਜਾਪ ਕਰਕੇ ਕੀਤੀ ਗਈ।ਇਕੱਤਰਤਾ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਘਟਨਾਵਾਂ ਦੀ ਬੇਅਦਬੀ, ਸ. ਜਸਵੰਤ ਸਿੰਘ ਤਾਨ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਹਰੀ ਸਿੰਘ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਮਹਾਵਾ ਨੇੜੇ ਡਿਫੈਂਸ ਡਰੇਨ ਵਿੱਚ ਡੀ ਏ ਵੀ ਪਬਲਿਕ ਸਕੂਲ ਅਟਾਰੀ ਦੀ ਬੱਸ ਡਿੱਗਣ ਕਾਰਨ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਪ੍ਰਤੀ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸ਼ੋਕ ਮਤੇ ਪਾਏ ਗਏ।
ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ੍ਰ: ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਅਤੇ ਸਮੁੱਚੀ ਪਾਰਟੀ ਵੱਲੋਂ ਪ੍ਰਧਾਨਗੀ ਪਦ ਲਈ ਜੋ ਵੀ ਉਚਿੱਤ ਫੈਂਸਲਾ ਲਿਆ ਜਾਵੇਗਾ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਉਸ ਨੂੰ ਸਵੀਕਾਰ ਕਰਾਂਗਾ।ਉਨ੍ਹਾਂ ਇਸ ਲਈ ਮੁੱਖ ਮੰਤਰੀ, ਉੱਪ ਮੁੱਖ ਮੰਤਰੀ, ਸਮੁੱਚਾ ਅਕਾਲੀ ਦਲ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਸਮੁੱਚੀ ਅੰਤਿੰ੍ਰਗ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਆਪਣੇ ੧੧ ਸਾਲ ਦੇ ਕਾਰਜਕਾਲ ਦੌਰਾਨ ਹਰ ਕਾਰਜ ਕਰਨ ਵਿੱਚ ਸਫਲ ਰਿਹਾ ਹਾਂ ਭਾਵੇਂ ਉਹ ਵਿਦਿਆ, ਮੈਡੀਕਲ, ਲੰਗਰ, ਸਰਾਵਾਂ, ਗੁਰਦੁਆਰਾ ਪ੍ਰਬੰਧ ਸੁਧਾਰ, ਧਰਮ ਪ੍ਰਚਾਰ, ਕੁਦਰਤੀ ਆਫਤਾਂ, ਧਰਮੀ ਫੌਜੀਆਂ, ਸਿਕਲੀਗਰਾਂ ਦੀ ਸਹਾਇਤਾ ਹੋਵੇ।ਉਨ੍ਹਾਂ ਕਿਹਾ ਕਿ ਇਸ ਸਾਰੀ ਸਫਲਤਾ ਦਾ ਸਿਹਰਾ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਜਾਂਦਾ ਹੈ ਜਿਨ੍ਹਾਂ ਇਨ੍ਹਾਂ ਸਾਰੇ ਕਾਰਜਾਂ ਲਈ ਮੈਨੂੰ ਆਪਣਾ ਬਣਦਾ ਸਹਿਯੋਗ ਦਿੱਤਾ।ਇਸ ਸਮੇਂ ਅੰਤ੍ਰਿੰਗ ਕਮੇਟੀ ਮੈਂਬਰਾਂ ਨੇ ਵੀ ਜਥੇਦਾਰ ਅਵਤਾਰ ਸਿੰਘ ਦਾ ਵਿਸ਼ੇਸ਼ ਸਹਿਯੋਗ ਦੇਣ ਤੇ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਕਸ਼ਮੀਰ ‘ਚ ਉੜੀ ਹਮਲੇ ਦੌਰਾਨ ਵਾਪਰੇ ਅੱਤਵਾਦੀ ਹਮਲੇ ‘ਚ ਮਾਰੇ ਗਏ ਭਾਰਤੀ ਜਵਾਨਾਂ ਕਰਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਣੇ ਜੰਗ ਦੇ ਮਾਹੌਲ ਕਾਰਣ ਸਰਹੱਦੀ ਖੇਤਰ ਤੋਂ ਜੋ ਲੋਕ ਇਲਾਕੇ ਖਾਲੀ ਕਰਕੇ ਆਉਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੀ ਦੇਖਭਾਲ ਤੇ ਲੰਗਰ ਆਦਿ ਦਾ ਪ੍ਰਬੰਧ ਕਰੇਗੀ।ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।ਉਨ੍ਹਾਂ ਵੱਖ-ਵੱਖ ਸ਼ਹਿਰਾਂ ਦੇ ਸਕੂਲਾਂ ਵਿੱਚ ਸਿੱਖ ਵਿਦਿਆਰਥੀਆਂ ਨਾਲ ਨਸਲੀ ਵਿਤਕਰੇ ਖਿਲਾਫ ਕੈਲਫੋਰਨੀਆ ਅਸੈਂਬਲੀ ਵੱਲੋਂ ਕਾਨੂੰਨੀ ਰੂਪ ਵਿੱਚ ਬਿੱਲ ਪਾਸ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸਕੂਲ ਵਿੱਚ ਸਿੱਖ ਵਿਦਿਆਰਥੀ ਨੂੰ ਨਸਲੀ ਭੇਦਭਾਵ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਇਸ ਦਾ ਸ਼ਿਕਾਰ ਹੋਣ ਵਾਲੇ ਵਿਦਿਆਰਥੀਆਂ ਨੂੰ ਹਿਫ਼ਾਜਤ ਲਈ ਤੁਰੰਤ ਲੋਂੜੀਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਇਸ ਬਿੱਲ ਨੂੰ ਪਾਸ ਕਰਵਾਉਣ ਤੇ ਕੈਲੀਫੋਰਨੀਆ ਸੂਬੇ ਦੇ ਗਵਰਨਰ ਜੈਰੀ ਬਰਾਊਨ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਤਕਰੀਬਨ ੬੭ ਫੀਸਦੀ ਦਸਤਾਰ ਸਜਾਉਣ ਵਾਲੇ ਸਿੱਖ ਵਿਦਿਆਰਥੀਆਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਹੈ ਹੁਣ ਇਸ ਬਿੱਲ ਨਾਲ ਨਸਲੀ ਭੇਦਭਾਵ ਤੋਂ ਸਿੱਖ ਵਿਦਿਆਰਥੀਆਂ ਨੂੰ ਛੁੱਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦੀ ਪਹਿਚਾਣ ਸਬੰਧੀ ਬਰੋਸ਼ਰ ਛਪ ਕੇ ਤਿਆਰ ਹੋ ਗਿਆ ਹੈ ਜੋ ਵਿਦੇਸ਼ਾਂ ਵਿੱਚ ਵੱਖ-ਵੱਖ ਅੰਬੈਂਸੀਆਂ ਤੀਕ ਪ੍ਰਚਾਰ ਹਿਤ ਪਹੁੰਚਾਇਆ ਜਾਵੇਗਾ।ਇਹ ਬਰੋਸ਼ਰ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਣ ਲਈ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਹਿਰ ਵਿਦਵਾਨਾਂ ਦੀ ਸਬ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਪ੍ਰੋ,ਬਲਕਾਰ ਸਿੰਘ, ਪ੍ਰੋ. ਧਰਮ ਸਿੰਘ, ਪ੍ਰੋ. ਬਲਵੰਤ ਸਿੰਘ ਢਿਲੋਂ ਤੇ ਸ. ਦਿਲਜੀਤ ਸਿੰਘ ਬੇਦੀ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਹ ਬਰੋਸ਼ਰ ਸਾਰੇ ਦੇਸ਼ਾਂ ਦੇ ਭਾਰਤ ਸਥਿਤ ਦੂਤਘਰਾਂ ਦੇ ਅਬੈਸਡਰਾਂ ਨੂੰ ਮਿਲ ਕੇ ਦੇਵਾਂਗੇ। ਉਨ੍ਹਾਂ ਕਿਹਾ ਕਿ ੧੯੮੪ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ ਜਿਨ੍ਹਾਂ ਸਿੱਖ ਫੌਜੀਆਂ ਨੇ ਬੈਰਕਾਂ ਛੱਡੀਆਂ ਤੇ ਕੋਰਟ ਮਾਰਸ਼ਲ ਹੋਏ ਉਨ੍ਹਾਂ ਨੂੰ ਸਹਾਇਤਾ ਦੇਣ ਸਬੰਧੀ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੋਰ ਜਨਰਲ ਸਕੱਤਰ, ਸ. ਰਜਿੰਦਰ ਸਿੰਘ ਮਹਿਤਾ ਤੇ ਸ. ਦਿਆਲ ਸਿੰਘ ਕੋਲਿਆਂਵਾਲੀ ਅੰਤ੍ਰਿੰਗ ਮੈਂਬਰ, ਸ. ਹਰਚਰਨ ਸਿੰਘ ਮੁੱਖ ਸਕੱਤਰ ਤੇ ਆਧਾਰਿਤ ਸਬ ਕਮੇਟੀ ਬਣਾਈ ਗਈ ਹੈ ਅਤੇ ਇਸ ਕਮੇਟੀ ਦਾ ਕੋਆਰਡੀਨੇਟਰ ਸ. ਰਣਜੀਤ ਸਿੰਘ ਵਧੀਕ ਸਕੱਤਰ ਨੂੰ ਬਣਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਹੋਏ ਫੈਂਸਲੇ ਅਨੁੰਸਾਰ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੂੰ ੬ ਫੀਸਦੀ ਮਹਿੰਗਾਈ ਭੱਤੇ ਦੇ ਨਾਲ ੧੦ ਹਜ਼ਾਰ ਰੁਪਏ ਬੇਸਿਕ ਤਨਖਾਹ ਵਾਲੇ ਮੁਲਾਜ਼ਮ ਨੂੰ ੮੦੦/- ਰੁਪਏ, ੧੦ ਤੋਂ ੨੦ ਹਜ਼ਾਰ ਵਾਲੇ ਨੂੰ ੬੦੦/- ਤੇ ੨੦ ਹਜ਼ਾਰ ਤੋਂ ਉੱਪਰ ਬੇਸਿਕ ਵਾਲੇ ਮੁਲਾਜ਼ਮ ਦੀ ਤਨਖਾਹ ਵਿੱਚ ੫੦੦ ਰੁਪਏ ਦਾ ਵਾਧਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਿਹਾੜਾ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਾਢੇ ਤਿੰਨ ਕਰੌੜ ਰੁਪਏ ਪ੍ਰਵਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਸਬੰਧੀ ਸ੍ਰੀ ਪਟਨਾ ਸਾਹਿਬ ਵਿਖੇ ਰਾਗੀ, ਢਾਡੀ, ਕਥਾਵਾਚਕ ਤੇ ਕਵੀਸ਼ਰ ਸ਼੍ਰੋਮਣੀ ਕਮੇਟੀ ਵੱਲੋ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ੩੫੦ ਸਾਲਾ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ੨ ਨਵੰਬਰ ਨੂੰ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਹਰਿਆਣਾ ਰਾਜ ਦੇ ਵੱਖ-ਵੱਖ ਨਗਰਾਂ, ਸ਼ਹਿਰਾਂ ਅਤੇ ਇਲਾਕਿਆਂ ਤੋਂ ਹੁੰਦਾ ਹੋਇਆ ੧੨ ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਵਿਖੇ ਸਮਾਪਤ ਹੋਵੇਗਾ ਜਿਸ ਦਾ ਵਿਸ਼ੇਸ਼ ਪ੍ਰਬੰਧ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਆਪਣੇ ਸਾਥੀਆਂ ਸਮੇਤ ਕਰਨਗੇ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਗੁਰਮਤਿ ਸਮਾਗਮ ਉਲੀਕੇ ਗਏ ਹਨ ਜਿਨ੍ਹਾਂ ਵਿੱਚੋ ਪਹਿਲਾ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ, ਦੂਜਾ ਗੁਰਮਤਿ ਸਮਾਗਮ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਬਠਿੰਡਾ ਤੇ ਤੀਜਾ ਗੁਰਮਤਿ ਸਮਾਗਮ ਗੁਰਦੁਆਰਾ ਦੀਨਾ ਕਾਂਗੜ ਮੋਗਾ ਵਿਖੇ ਕਰਵਾਏ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਚੌਥਾ ਗੁਰਮਤਿ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਪੰਜਵਾਂ ਗੁਰਮਤਿ ਸਮਾਗਮ ਤਖ਼ਤ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਕਰਵਾਇਆ ਜਾਵੇਗਾ।
ਇਕੱਤਰਤਾ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮਹਾਵਾ ਨੇੜੇ ਵਾਪਰੇ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਡੀ ਏ ਵੀ ਪਬਲਿਕ ਸਕੂਲ ਅਟਾਰੀ ਦੇ ਬੱਚਿਆਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ੫੦-੫੦ ਹਜ਼ਾਰ ਰੁਪਏ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਪਟਿਆਲਾ ਦੀ ਹੈਂਡਬਾਲ ਖਿਡਾਰਨ ਪੂਜਾ ਕੁਮਾਰੀ ਜਿਸ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕਰ ਲਈ ਸੀ ਦੇ ਪਰਿਵਾਰ ਅਤੇ ਦੋ ਮੈਂਬਰਾਂ ਦੇ ਵਿਆਹ ਲਈ ਚਾਰ ਲੱਖ ਰੁਪਏ ਸਹਾਇਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣ ਵਾਲੇ ਸਮਾਗਮਾਂ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ੨੦, ੨੧ ਅਤੇ ੨੨ ਅਕਤੂਬਰ ਨੂੰ ਹੋ ਰਹੇ ਖ਼ਾਲਸਾਈ ਖੇਡ ਉਤਸਵ ਦੀਆਂ ਤਿਆਰੀਆਂ ਅਤੇ ਪ੍ਰਬੰਧ ਸਬੰਧੀ ਖਰਚਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਪੁੱਜੀਆਂ ਵੱਖ-ਵੱਖ ਮੰਗਾਂ ਦੇ ਆਧਾਰ ਪੁਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇੰਨ ਸਿੱਖਇਜ਼ਮ, ਬਹਾਦਰਗੜ੍ਹ ਪਟਿਆਲਾ ਵੱਲੋਂ ਐਮ ਏ ਸਿੱਖ ਸਟੱਡੀਜ਼ ਦੇ ੧੫ ਵਿਦਿਆਰਥੀਆਂ ਦੀ ਦੂਜੇ ਸਾਲ ਦੀ ਰਜਿਟਰੇਸ਼ਨ ਫੀਸ, ਸਮੈਸਟਰ ਦੀ ਪ੍ਰੀਖਿਆ ਫੀਸ ਅਤੇ ਸਾਲਾਨਾ ਫੀਸ ਵਜੋਂ ੮੭ ਹਜ਼ਾਰ ਅੱਠ ਸੌ ਪਝੰਤਰ ਰੁਪਏ ਅਦਾ ਕਰਨ, ਗੁਰਦੁਆਰਾ ਸਾਧ ਸੰਗਤ ਵਿਸ਼ਾਖਾ ਪਟਨਮ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ੧੧ ਅਕਤੂਬਰ ਤੋਂ ੧੪ ਅਕਤੂਬਰ ਤੀਕ ਲਗਾਏ ਜਾ ਰਹੇ ਗੁਰਮਤਿ ਕੈਂਪਾਂ ਦੇ ਹੋਣ ਵਾਲੇ ਖਰਚਿਆਂ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਦਿਹਾਣਾ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਨੈਸ਼ਨਲ ਗੱਤਕਾ ਮੁਕਾਬਲਾ ਕਰਵਾਉਣ ਲਈ ੫੧ ਹਜ਼ਾਰ ਰੁਪਏ ਦੀ ਹੋਰ ਸਹਾਇਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪੁੱਜੀ ਮੰਗ ਦੇ ਆਧਾਰ ਪੁਰ ਨਵੇਂ ਬਣੇ ਭਾਈ ਬਚਿੱਤਰ ਸਿੰਘ ਯਾਤਰੀ ਨਿਵਾਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਲਈ ਬਿਜਲੀ ਆਨਲਾਈਨ ਕੁਨੈਕਸ਼ਨ ਲੈਣ ਵਾਸਤੇ ਬਾਰਾ ਲੱਖ ਅੱਠ ਹਜ਼ਾਰ ਨੌ ਸੌ ਅੱਸੀ ਰੁਪਏ ਦੇ ਹੋਣ ਵਾਲੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ ਨਾਲ ਹੋਏ ਸਮਝੌਤੇ ਅਨੁਸਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ (ਬਠਿੰਡਾ) ਵਿਖੇ ੩੦ ਕਮਰੇ ਤਿਆਰ ਕਰਕੇ ਦੇਣ ਲਈ ਕਾਰ ਸੇਵਾ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਗੁੰਬਦ ਉਪਰ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਵਾਲਿਆਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਦੀ ਇਕੱਤਰਤਾ ਵਿੱਚ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤ੍ਰਿੰਗ ਮੈਂਬਰਾਨ ਸ. ਰਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਮੰਗਲ ਸਿੰਘ, ਸ. ਭਜਨ ਸਿੰਘ ਸ਼ੇਰਗਿੱਲ, ਸ. ਸੁਰਜੀਤ ਸਿੰਘ ਗੜ੍ਹੀ ਤੇ ਸ. ਮੋਹਣ ਸਿੰਘ ਬੰਗੀ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਪਰਮਜੀਤ ਸਿੰਘ ਸਰੋਆ, ਸ. ਹਰਭਜਨ ਸਿੰਘ ਮਨਾਵਾਂ, ਸ. ਰਣਜੀਤ ਸਿੰਘ, ਸ. ਬਿਜੈ ਸਿੰਘ, ਸ. ਕੇਵਲ ਸਿੰਘ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਂਕ ਸਕੱਤਰ, ਸ. ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ. ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ ਪਬਲੀਸਿਟੀ, ਸ. ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਅਤੇ ਸ. ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ ਆਦਿ ਮੌਜੂਦ ਸਨ।