ਦੇਸ਼ ਦੀਆਂ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਪ੍ਰਗਟਾਈ ਸੰਵੇਦਨਾ
ਅੰਮ੍ਰਿਤਸਰ, 6 ਮਈ-
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਉਨ੍ਹਾਂ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦੇ ਅਕਾਲ ਚਲਾਣੇ ਦਾ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਭਾਈ ਲੌਂਗੋਵਾਲ ਨੂੰ ਭੇਜੇ ਆਪਣੇ ਸ਼ੋਕ ਸੁਨੇਹੇ ਵਿਚ ਸੰਵੇਦਨਾ ਪ੍ਰਗਟ ਕਰਦਿਆਂ ਬੀਬੀ ਅਮਰਪਾਲ ਕੌਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਹੈ। ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੀਬੀ ਅਮਰਪਾਲ ਕੌਰ ਦਾ ਫਾਨੀ ਸੰਸਾਰ ਤੋਂ ਤੁਰ ਜਾਣਾ ਪਰਿਵਾਰ ਲਈ ਵੱਡਾ ਘਾਟਾ ਹੈ। ਪ੍ਰਧਾਨ ਮੰਤਰੀ ਨੇ ਭਾਈ ਲੌਂਗੋਵਾਲ ਦੀ ਧਰਮ ਪਤਨੀ ਦੀਆਂ ਵਿਦਿਆ ਦੇ ਚਾਨਣ ਨੂੰ ਵੰਡਣ ਲਈ ਨਿਭਾਈਆਂ ਸੇਵਾਵਾਂ ਨੂੰ ਵੀ ਯਾਦ ਕੀਤਾ।
ਇਸੇ ਦੌਰਾਨ ਜੰਮੂ ਕਸ਼ਮੀਰ ਦੇ ਗਵਰਨਰ ਦੇ ਸਲਾਹਕਾਰ ਫਾਰੂਕ ਖਾਨ ਨੇ ਵੀ ਭਾਈ ਲੌਂਗੋਵਾਲ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਵੀ ਆਪਣੇ ਸ਼ੋਕ ਸੰਦੇਸ਼ ਵਿਚ ਬੀਬੀ ਅਮਰਪਾਲ ਕੌਰ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕੀਤੀ। ਇਸ ਤੋਂ ਇਲਾਵਾ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ.ਪੀ. ਨੱਢਾ, ਮੀਤ ਪ੍ਰਧਾਨ ਸ੍ਰੀ ਅਵਿਨਾਸ਼ ਰਾਏ ਖੰਨਾ ਸਾਬਕਾ ਐਮ.ਪੀ., ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਤੇ ਸਿੱਖ ਚਿੰਤਕ ਸ. ਬਚਨ ਸਿੰਘ ਸਰਲ ਕਲਕੱਤਾ, ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਗੁਰਦਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਭਾਈ ਲੌਂਗੋਵਾਲ ਨਾਲ ਦੁੱਖ ਸਾਂਝਾ ਕੀਤਾ ਗਿਆ।