ਅੰਮ੍ਰਿਤਸਰ, ੧ ਜਨਵਰੀ- ਬੀਤੇ ਐਤਵਾਰ ਨੂੰ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਇਕ ਸਮਾਗਮ ਦੌਰਾਨ ਸਵਰਗਵਾਸੀ ਬੇਦੀ ਲਾਲ ਸਿੰਘ ਸਾਹਿਤਕਾਰ ਦੇ ਚੋਣਵੇਂ ਲੇਖਾਂ ਦੀ ਪੁਸਤਕ ‘ਵੇਦ ਰਚਨਾ ਅਤੇ ਹੋਰ ਲੇਖ’ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਦਿਲਜੀਤ ਸਿੰਘ ਬੇਦੀ ਦੁਆਰਾ ਸੰਪਾਦਿਤ ਪੁਸਤਕ ‘ਬਾਬਾ ਬੰਦਾ ਸਿੰਘ ਬਹਾਦਰ-ਸਿੱਖ ਪ੍ਰਸੰਗ’ ਜਾਰੀ ਕੀਤੀਆਂ ਗਈਆਂ। ਇਨ੍ਹਾਂ ਦੋਹਾਂ ਪੁਸਤਕਾਂ ਨੂੰ ਜਾਰੀ ਕਰਨ ਦੀ ਰਸਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਸਾਂਝੇ ਤੌਰ ‘ਤੇ ਨਿਭਾਈ। ਦੱਸਣਯੋਗ ਹੈ ਕਿ ਬੇਦੀ ਲਾਲ ਸਿੰਘ ਸਾਹਿਤਕਾਰ ਦੇ ਚੋਣਵੇਂ ਲੇਖਾਂ ਨੂੰ ਸੰਗ੍ਰਹਿ ਕਰਨ ਦੀ ਜ਼ੁੰਮੇਵਾਰੀ ਉਨ੍ਹਾਂ ਦੇ ਸਪੁੱਤਰ ਪ੍ਰਸਿੱਧ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਨੇ ਨਿਭਾਈ ਹੈ ਅਤੇ ਇਸ ਪੁਸਤਕ ਵਿਚ ਬੇਦੀ ਲਾਲ ਸਿੰਘ ਸਾਹਿਤਕਾਰ ਦੇ ਵੱਖ-ਵੱਖ ਲੇਖ ਸ਼ਾਮਲ ਕੀਤੇ ਗਏ ਹਨ। ਇਸੇ ਤਰ੍ਹਾਂ ਸ. ਦਿਲਜੀਤ ਸਿੰਘ ਬੇਦੀ ਵੱਲੋਂ ਸੰਪਾਦਿਤ ਕੀਤੀ ਗਈ ਪੁਸਤਕ ‘ਬਾਬਾ ਬੰਦਾ ਸਿੰਘ ਬਹਾਦਰ ਸਿੰਘ ਪ੍ਰਸੰਗ’ ਵਿਚ ਵੀ ਵੱਖ-ਵੱਖ ਪ੍ਰਸਿੱਧ ਸਿੱਖ ਵਿਦਵਾਨਾਂ ਦੇ ਲੇਖ ਸ਼ਾਮਲ ਹਨ। ਇਨ੍ਹਾਂ ਪੁਸਤਕਾਂ ਨੂੰ ਜਾਰੀ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਭਾਈ ਸੁਖਵਿੰਦਰ ਸਿੰਘ ਅਗਵਾਨ, ਸਾਹਿਤਕਾਰ ਸ. ਦੀਪਦਵਿੰਦਰ ਸਿੰਘ, ਸਾਬਕਾ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ, ਸ. ਸਤਬੀਰ ਸਿੰਘ ਧਾਮੀ, ਸਾਈ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਸ. ਹਰਭਜਨ ਸਿੰਘ ਬਰਾੜ, ਪ੍ਰਸਿੱਧ ਫੋਟੋ ਆਰਟਿਸ ਸ. ਹਰਭਜਨ ਸਿੰਘ ਬਾਜਵਾ, ਸ. ਬਲਜੀਤ ਸਿੰਘ ਬਰਾੜ, ਸ. ਦਿਸ਼ਾਦੀਪ ਸਿੰਘ ਸੂਫੀ ਵਾਰਿਸ, ਸ. ਸੁਰਜੀਤ ਸਿੰਘ ਰਾਹੀ, ਪ੍ਰਿੰਸੀਪਲ ਬਲਦੇਵ ਸਿੰਘ ਆਦਿ ਮੌਜੂਦ ਸਨ।