ਪ੍ਰਧਾਨ ਮੰਤਰੀ ਨੂੰ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਪੱਤਰ ਵੀ ਲਿਖਾਂਗਾ
ਅੰਮ੍ਰਿਤਸਰ 26 ਨਵੰਬਰ ( ) ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੈਸਟ ਮਿਡਲੈਂਡ ਦੀ ਵੁਲਵਰਹੈਂਪਟਨ ਯੂਨੀਵਰਸਿਟੀ ਵੱਲੋਂ ਸਿੱਖਾਂ ਬਾਰੇ ਕੀਤੇ ਗਏ ਸਰਵੇਖਣ ਦੀ ਰਿਪੋਰਟ ਜਾਰੀ ਕਰਕੇ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਰਵੇਖਣ ਸੰਸਾਰ ਦੇ ਸਾਰੇ ਦੇਸ਼ਾਂ ‘ਚ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸੇ ਕੌਮ ਦੀ ਸਹੀ ਤਸਵੀਰ ਸਾਹਮਣੇ ਆਉਣ ਦੇ ਨਾਲ ਨਾਲ ਉਸਨੂੰ ਦਰਪੇਸ਼ ਮੁਸ਼ਕਲਾਂ ਅਤੇ ਪਹਿਚਾਣ ਸਾਹਮਣੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਵੁਲਵਰਹੈਂਪਟਨ ਯੂਨੀਵਰਸਿਟੀ ਦੀ ਰਿਪੋਰਟ ਨਾਲ ਬਰਤਾਨੀਆਂ ‘ਚ ਜਿਥੇ ਸਿੱਖਾਂ ਦੀ ਪਹਿਚਾਣ ਉਭਰ ਕੇ ਸਾਹਮਣੇ ਆਈ ਹੈ ਉਥੇ ਨਾਲ ਨਾਲ ਸਿੱਖਾਂ ਨਾਲ ਹੋ ਰਹੇ ਵਿਤਕਰੇ, ਨਫਰਤ ਤੇ ਉਨ੍ਹਾਂ ਨੂੰ ਗੁੰਮਰਾਹ ਕਰਨਾ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਇਸ ਰਿਪੋਰਟ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਬਰਤਾਨੀਆਂ ‘ਚ ਸਿੱਖਾਂ ਦੀ ਸਮਾਜ ਨੂੰ ਦੇਣ, ਉਨ੍ਹਾਂ ਦੀਆਂ ਹਰ ਪ੍ਰਕਾਰ ਦੀਆਂ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸਰਗਰਮੀਆਂ ਅਤੇ ਨੁਮਾਇੰਦਗੀ ਬਾਰੇ ਵੀ ਪਤਾ ਚੱਲਿਆ ਹੈ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਤੋਂ ਜੋ ਤੱਥ ਸਾਹਮਣੇ ਆਏ ਹਨ ਉਨ੍ਹਾਂ ਨੂੰ ਦੇਖ ਕੇ ਹੈਰਾਨਗੀ ਤੇ ਬੇਗਾਨਗੀ ਦਾ ਅਹਿਸਾਸ ਹੁੰਦਾ ਹੈ ਕਿ ਬਰਤਾਨੀਆ ਵਿਚ 91% ਸਿੱਖਾਂ ਕੋਲ ਨਾਗਰਿਕਤਾ ਹੈ 60% ਹਿੱਸਾ ਕੇਵਲ ਉਥੋਂ ਦੇ ਜੰਮਪਲ ਹੋਣ ਦੇ ਬਾਵਜੂਦ ਵੀ ਸਿੱਖਾਂ ਦੀ ਸਹੀ ਪਹਿਚਾਣ ਕਿਉਂ ਨਹੀਂ ਹੋ ਰਹੀ। ਸਿੱਖਾਂ ਤੇ ਨਸਲੀ ਹਮਲੇ ਕਿਉਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਰਤਾਨੀਆ ਸਰਕਾਰ ਨੂੰ ਇਸ ਵੱਲੋਂ ਖਾਸ ਧਿਆਨ ਦੇ ਕੇ ਉਥੋਂ ਦੇ ਵਸਨੀਕ ਸਿੱਖਾਂ ਨੂੰ ਉਨ੍ਹਾਂ ਦੀ ਧਾਰਮਿਕ ਅਜ਼ਾਦੀ ਦੇ ਨਾਲ ਨਾਲ ਬਣਦਾ ਮਾਣ ਸਤਿਕਾਰ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੰਸਾਰ ਦੀ ਪਹਿਲੀ ਜੰਗ ‘ਚ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਅੱਜ ਦੇਸ਼ ਵਿਦੇਸ਼ ਵਿਚ ਵਸ ਰਹੇ ਸਿੱਖ ਉਚੇ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਉਨ੍ਹਾਂ ਮੁਲਕਾਂ ਦਾ ਮਾਣ ਸਤਿਕਾਰ ਵਧਾ ਰਹੇ ਹਨ। ਪਰ ਫੇਰ ਵੀ ਸਿੱਖਾਂ ਤੇ ਨਸਲੀ, ਨਫਰਤੀ ਹਮਲੇ ਹੋਣੋ ਨਹੀਂ ਰੁਕ ਰਹੇ। ਉਨ੍ਹਾਂ ਕਿਹਾ ਕਿ ਬਰਤਾਨੀਆ ਦੀ ਸਰਕਾਰ ਨੂੰ ਸਿੱਖਾਂ ਤੇ ਹੋਏ ਨਸਲੀ ਹਮਲਿਆ ਨੂੰ ਕੂਟਨੀਤਿਕ ਤੌਰ ਤੇ ਸਰਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁ:ਪ੍ਰ: ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੇ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਜਾਵੇਗਾ ਕਿ ਬਰਤਾਨਵੀ ਸਰਕਾਰ ਨੂੰ ਇਸ ਸਮੱਸਿਆ ਦਾ ਜਲਦੀ ਕੋਈ ਠੋਸ ਹੱਲ ਕੱਢਣ ਲਈ ਕੂਟਨੀਤਿਕ ਸਬੰਧੀ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਸਿੱਖਾਂ ਨੂੰ ਵਿਦੇਸ਼ਾਂ ਵਿਚ ਰਹਿੰਦਿਆਂ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਹਰ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ। ਉਨ੍ਹਾਂ ਕਿਹਾ ਕਿ ਵੈਸਟ ਮਿਡਲੈਂਡ ਦੀ ਵੁਲਵਰਹੈਂਪਟਨ ਯੂਨੀਵਰਸਿਟੀ ਸਿੱਖਾਂ ਸਬੰਧੀ ਰਿਪੋਰਟ ਜਾਰੀ ਕਰਨ ਲਈ ਵਧਾਈ ਦੀ ਪਾਤਰ ਹੈ।