ਅੰਮ੍ਰਿਤਸਰ 28 ਨਵੰਬਰ: ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਵਿੱਚ ਵੱਸਦੇ ਸਿੱਖ ਨੌਜਵਾਨ ਸ੍ਰ: ਮਹਿਮਾਨ ਸਿੰਘ ਦਾ ਅਣਪਛਾਤੇ ਲੁਟੇਰਿਆਂ ਵੱਲੋਂ ਕਤਲ ਕੀਤੇ ਜਾਣ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਸਿੱਖ ਨੌਜਵਾਨ ਦਸੂਹੇ ਦੇ ਪਿੰਡ ਉੱਚੀ ਬੱਸੀ ਸਬ-ਡਵੀਜ਼ਨ ਪੰਜਾਬ ਦਾ ਵਸਨੀਕ ਸੀ ਅਤੇ ਕੁਝ ਦਿਨ ਪਹਿਲਾਂ ਹੀ ਤਿੰਨ ਵਿਅਕਤੀਆਂ ਨੇ ਮਹਿਮਾਨ ਸਿੰਘ ਤੇ ਇਕ ਸਟੋਰ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਵੀ ਇਕ ੨੨ ਸਾਲਾ ਸਿੱਖ ਨੌਜਵਾਨ ਸ੍ਰ: ਹਰਮਨ ਸਿੰਘ ਜੋ ਪ੍ਰੈਸਟੀਜੀਅਸ ਹਰਵਰਡ ਲਾਅ ਸਕੂਲ ਦਾ ਵਿਦਿਆਰਥੀ ਹੈ ‘ਤੇ ਕਿਸੇ ਵਿਅਕਤੀ ਵੱਲੋਂ ਉਸ ਤੇ ਵਿਅੰਗ ਕੱਸਦੇ ਹੋਏ ਉਸ ਨੂੰ ਮੁਸਲਮਾਨ ਕਿਹਾ ਗਿਆ ਸੀ। ਪ੍ਰੋ: ਬਡੂੰਗਰ ਨੇ ਕਿਹਾ ਕਿ ਸਿੱਖਾਂ ਤੇ ਇਸ ਤਰ੍ਹਾਂ ਦੇ ਨਸਲੀ ਹਮਲੇ ਹੋਣਾ ਅਮਰੀਕਾ ਵਿੱਚ ਆਮ ਹੋ ਗਿਆ ਹੈ ਜੋ ਅਤੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਹੈ ਤੇ ਇਹ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਰੱਖਦੀ। ਉਨ੍ਹਾਂ ਕਿਹਾ ਕਿ ਸਿੱਖ ਜਿਸ ਕਿਸੇ ਮੁਲਕ ਵਿੱਚ ਵੀ ਗਏ ਹਨ, ਆਪਣੀ ਮਿਹਨਤ ਮੁਸ਼ੱਕਤ ਨਾਲ ਉਸ ਮੁਲਕ ਦਾ ਮਾਣ-ਸਨਮਾਨ ਵਧਾਇਆ ਹੈ। ਉਨ੍ਹਾਂ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀ ਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਮਰੀਕਾ ਦੀ ਸਰਕਾਰ ਨਾਲ ਰਾਫ਼ਤਾ ਕਾਇਮ ਕਰਕੇ ਇਸ ਸਮੱਸਿਆ ਦਾ ਕੋਈ ਕੂਟਨੀਤਕ ਹੱਲ ਕੱਢਣ ਤਾਂ ਜੋ ਆਏ ਦਿਨ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਿਆ ਜਾ ਸਕੇ।