sਅੰਮ੍ਰਿਤਸਰ 15 ਦਸੰਬਰ (        ) ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਦਰ ਪ੍ਰਾਈਡ ਸਕੂਲ ਸਰਕੂਲਰ ਰੋਡ ਦੀਨਾਨਗਰ ਦੇ ਡਾਇਰੈਕਟਰ ਅਤੇ ਉਸ ਦੇ ਪੁੱਤਰ ਵੱਲੋਂ ਤੀਸਰੀ ਜਮਾਤ ‘ਚ ਪੜ੍ਹਦੀ ਬੱਚੀ ਦੇ ਕੇਸ ਕਤਲ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।  

ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਸ ਸਿੱਖ ਦੀ ਪਹਿਚਾਣ ਹਨ ਤੇ ਕਿਸੇ ਬੱਚੀ ਦੇ ਜਬਰੀ ਕੇਸ ਕਤਲ ਕਰਨਾ ਕੋਈ ਛੋਟਾ ਅਪਰਾਧ ਨਹੀਂ ਬਲਕਿ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਮੰਦਭਾਗੀ ਘਟਨਾ ਹੈ।ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਕੀਤੀ ਗਈ ਗਲਤੀ ਮੁਆਫ਼ ਕਰਨ ਯੋਗ ਨਹੀਂ ਹੈ।ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਵਾਪਰਨ ਨਾਲ ਦੇਸ਼-ਵਿਦੇਸ਼ ਵਿੱਚ ਬੈਠੇ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ।ਉਨ੍ਹਾਂ ਕਿਹਾ ਕਿ ਇਕ ਸਿੱਖ ਨੂੰ ਆਪਣੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਦਾ ਗੁਰੂ ਸਾਹਿਬ ਵੱਲੋਂ ਉਪਦੇਸ਼ ਦਿੱਤਾ ਗਿਆ ਹੈ, ਪਰ ਸਕੂਲ ਪ੍ਰਬੰਧਕਾਂ ਵੱਲੋਂ ਐਸੀ ਕੋਝੀ ਹਰਕਤ ਕਰਕੇ ਸਿੱਖਾਂ ਦੇ ਸਿਦਕ ਨੂੰ ਠੇਸ ਪਹੁੰਚਾਈ ਗਈ ਹੈ।ਉਨ੍ਹਾਂ ਪ੍ਰਸ਼ਾਸਨ ਨੂੰ ਜ਼ੋਰ ਦੇ ਕਿਹਾ ਕਿ ਦੋਸ਼ੀ ਸਕੂਲ ਪ੍ਰਬੰਧਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਉਕਤ ਸਕੂਲ ਦੀ ਤੀਸਰੀ ਜਮਾਤ ਦੀ ਵਿਦਿਆਰਥਣ ਈਸ਼ਾ ਸਪੁੱਤਰੀ ਸ. ਮੰਗਲ ਸਿੰਘ ਸਕੂਲ ਵਿੱਚ ਦੋ ਗੁੱਤਾਂ ਦੀ ਬਜਾਏ ਇਕ ਗੁੱਤ ਕਰਕੇ ਗਈ ਸੀ।ਸਾਰਾ ਦਿਨ ਸਕੂਲ ਵਿੱਚ ਕਲਾਸ ਅਟੈਂਡ ਕਰਨ ਤੋਂ ਬਾਅਦ ਜਦ ਸ਼ਾਮ ਨੂੰ ਉਹ ਆਪਣੇ ਘਰ ਜਾਣ ਲੱਗੀ ਤਾਂ ਸਕੂਲ ਡਾਇਰੈਕਟਰ ਦੇ ਪੁੱਤਰ ਨੇ ਉਸ ਨੂੰ ਇਕ ਗੁੱਤ ਕੀਤੀ ਦੇਖ ਲਿਆ।ਇਸ ਤੇ ਉਸ ਨੇ ਆਪਣੇ ਪਿਤਾ ਜੋ ਸਕੂਲ ਦਾ ਡਾਇਰੈਕਟਰ ਸੀ ਨਾਲ ਰਲ ਕੇ ਬੱਚੀ ਦੇ ਕੇਸ ਜ਼ਬਰੀ ਕੱਟ ਦਿੱਤੇ।