unnamed-13ਅੰਮ੍ਰਿਤਸਰ : 4 ਜਨਵਰੀ (        ) ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸਿੱਧ ਵਿਦਵਾਨ ਡਾ: ਪਰਮਵੀਰ ਸਿੰਘ ਦੀ ਪੁਸਤਕ ‘ਗੁਰੂ ਗੋਬਿੰਦ ਸਿੰਘ ਜੀ ਅਤੇ ਬਿਹਾਰ ਦੀ ਸਿੱਖ ਵਿਰਾਸਤ’ ਲੋਕ ਅਰਪਣ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਿਸ਼ੇਸ਼ ਪੰਡਾਲ ਵਿਖੇ ਰੱਖੇ ਗਏ ਸੈਮੀਨਾਰ ਵਿੱਚ ਬੋਲਦਿਆਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਜੀ ਧਰਮ ਅਤੇ ਸਦਾਚਾਰ ਦੇ ਮਾਰਗ ‘ਤੇ ਚੱਲਣ ਵਾਲਿਆਂ ਲਈ ਸਦੀਵੀ ਪ੍ਰੇਰਨਾ ਸਰੋਤ ਹਨ। ਇਤਿਹਾਸ ਦੇ ਪੰਨਿਆਂ ‘ਤੇ ਇਨ੍ਹਾਂ ਨੂੰ ਦਸਮੇਸ਼ ਪਿਤਾ, ਸਾਹਿਬ-ਏ-ਕਮਾਲ, ਸਰਬੰਸਦਾਨੀ, ਯੁਗ ਪੁਰਸ਼, ਮਹਾਨ ਵਿਦਵਾਨ, ਸੰਤ-ਸਿਪਾਹੀ, ਬਾਦਸ਼ਾਹ ਦਰਵੇਸ਼ ਆਦਿ ਵਿਸ਼ੇਸ਼ਣਾਂ ਸਹਿਤ ਯਾਦ ਕੀਤਾ ਜਾਂਦਾ ਹੈ। ਗੁਰੂ ਜੀ ਨੇ ਸਮਾਜ ਵਿਚ ਪੈਦਾ ਹੋਈ ਬਦੀ ਦੀ ਭਾਵਨਾ ਨੁੰ ਦੂਰ ਕਰਕੇ ਸਚਾਈ ਅਤੇ ਪਰਉਪਕਾਰ ਦੀ ਭਾਵਨਾ ਨੁੰ ਪ੍ਰਫੁਲਿਤ ਕੀਤਾ ਹੈ। ਗੁਰੂ ਜੀ ਨੇ ਲੋਕਾਈ ‘ਤੇ ਹੋ ਰਹੇ ਜਬਰ ਅਤੇ ਜ਼ੁਲਮ ਨੁੰ ਠੱਲ੍ਹ ਪਾ ਕੇ ਸਮਾਜ ਵਿਚ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਨੂੰ ਦ੍ਰਿੜ ਕੀਤਾ ਹੈ।

ਪ੍ਰੋ: ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਰਤਮਾਨ ਸਮਾਜ ਦੀ ਵਿਕਾਸਮੁਖੀ ਗਤੀ ਵਿਚ ਰੁਕਾਵਟ ਪਾਉਣ ਵਾਲੀਆਂ ਵਰਗ-ਵੰਡ ਅਤੇ ਵਰਣ-ਵੰਡ ਜਿਹੀਆਂ ਸ਼ਕਤੀਆਂ ਨੂੰ ਸਦੀਵੀ ਤੌਰ ‘ਤੇ ਸਮਾਪਤ ਕਰਦੇ ਹੋਏ ਖਾਲਸਾ ਪੰਥ ਦੀ ਸਿਰਜਨਾ ਕੀਤੀ ਸੀ ਜਿਸ ਨੇ ਸਮਾਜ ਦੀਆਂ ਨਕਾਰਾਤਮਿਕ ਸ਼ਕਤੀਆਂ ਨਾਲ ਲੋਹਾ ਲੈਂਦੇ ਹੋਏ ਸਮਾਜ ਵਿਚ ਅਣਖ ਅਤੇ ਸਵੈਮਾਣ ਦੇ ਮਾਰਗ ਨੁੰ ਸਥਾਪਿਤ ਕੀਤਾ। ਅਜਿਹੇ ਮਹਾਨ ਗੁਰੂ ਦੀ ਸਖ਼ਸ਼ੀਅਤ ਅਤੇ ਕਾਰਜਾਂ ਸਬੰਧੀ ਜਾਣਕਾਰੀ ਪ੍ਰੇਰਨਾ ਸਰੋਤ ਹੈ। ਸਮਾਜ ਨੂੰ ਪ੍ਰਭੂ-ਮੁਖੀ ਦਿਸ਼ਾ ਵੱਲ ਲਿਜਾਣ ਵਾਲੀ ਇਸ ਸਖ਼ਸ਼ੀਅਤ ਸਬੰਧੀ ਬਹੁਤ ਸਾਰੇ ਖੋਜ-ਕਾਰਜ ਕੀਤੇ ਜਾ ਚੁੱਕੇ ਹਨ ਅਤੇ ਨਿਰੰਤਰ ਜਾਰੀ ਹਨ। ਇਸ ਸੰਦਰਭ ਵਿਚ ‘ਗੁਰੂ ਗੋਬਿੰਦ ਸਿੰਘ ਜੀ ਅਤੇ ਬਿਹਾਰ ਦੀ ਸਿੱਖ ਵਿਰਾਸਤ’ ਵਿਸ਼ੇ ‘ਤੇ ਡਾ: ਪਰਮਵੀਰ ਸਿੰਘ ਦੁਆਰਾ ਕੀਤਾ ਗਿਆ ਇਹ ਖੋਜ-ਕਾਰਜ ਮਹੱਤਵਪੂਰਨ ਹੈ। ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸਖ਼ਸ਼ੀਅਤ ਨੂੰ ਉਜਾਗਰ ਕਰਨ ਦੇ ਨਾਲ-ਨਾਲ ਬਿਹਾਰ ਦੇ ਇਤਿਹਾਸਕ ਗੁਰਧਾਮਾ ਸਬੰਧੀ ਜਾਣਕਾਰੀ ਅਤੇ ਓਥੇ ਮੌਜੂਦ ਹੁਕਮਨਾਮੇ ਇਸ ਪੁਸਤਕ ਵਿਚ ਮੌਜੂਦ ਹਨ ਜਿਹੜੇ ਕਿ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੇ ਨਾਲ-ਨਾਲ ਪਾਠਕਾਂ ਅਤੇ ਸਿੱਖ ਸ਼ਰਧਾਲੂਆਂ ਲਈ ਲਾਹੇਵੰਦ ਸਾਬਤ ਹੋਣਗੇ।

ਇਸ ਮੌਕੇ ਸ੍ਰ: ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਸ੍ਰ: ਗੁਰਚਰਨ ਸਿੰਘ ਗਰੇਵਾਲ, ਸ੍ਰ: ਸੁਰਜੀਤ ਸਿੰਘ ਭਿੱਟੇਵਡ, ਭਾਈ ਰਾਮ ਸਿੰਘ ਅੰਤ੍ਰਿੰਗ ਮੈਂਬਰ, ਬੀਬੀ ਕਿਰਨਜੋਤ ਕੌਰ ਤੇ ਸ੍ਰ: ਰਜਿੰਦਰ ਸਿੰਘ ਮਹਿਤਾ ਤੇ ਸ੍ਰ: ਅਜੈਬ ਸਿੰਘ ਅਭਿਆਸੀ ਮੈਂਬਰ, ਡਾ: ਰੂਪ ਸਿੰਘ ਸਕੱਤਰ, ਸ੍ਰ: ਹਰਭਜਨ ਸਿੰਘ ਮਨਾਵਾਂ ਤੇ ਡਾ: ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ੍ਰ: ਸਕੱਤਰ ਸਿੰਘ ਮੀਤ ਸਕੱਤਰ, ਬਾਬਾ ਅਵਤਾਰ ਸਿੰਘ ਬਿਧੀਚੰਦੀਏ, ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਅਕਾਲੀ ਬੁੱਢਾ ਦਲ ੯੬ ਕਰੋੜੀ, ਡਾ: ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ: ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਡਾ: ਬਲਵੰਤ ਸਿੰਘ ਢਿੱਲੋਂ ਅਤੇ ਹੋਰ ਪ੍ਰਮੁੱਖ ਵਿਦਵਾਨ ਸਖ਼ਸ਼ੀਅਤਾਂ ਦੇ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।