ਦੋਸ਼ੀਆਂ ਖਿਲਾਫ਼ ਕਾਰਵਾਈ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਮੈਂਬਰੀ ਕਮੇਟੀ ਘਟਨਾ ਸਥਾਨ ‘ਤੇ ਭੇਜੀ

ਅੰਮ੍ਰਿਤਸਰ, ੨੧ ਮਈ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਖੇ ਵੱਡੀ ਗਿਣਤੀ ਵਿਚ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਗੁਰਦੁਆਰਾ ਸਾਹਿਬ ‘ਤੇ ਹਮਲਾ ਕਰ ਕੇ ਗੋਲਕ ਸਮੇਤ ਹੋਰ ਸਮਾਨ ਲੁੱਟਣ ਦੀ ਘਟਨਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗੰਭੀਰ ਨੋਟਿਸ ਲੈਂਦਿਆਂ ਜਿਥੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ, ਉਥੇ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਯਨਾਥ ਨੂੰ ਇੱਕ ਪੱਤਰ ਲਿਖ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਵੀ ਕਿਹਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਘਟਨਾ ਸਥਾਨ ‘ਤੇ ਪੁੱਜ ਕੇ ਮਾਮਲੇ ਦੀ ਮੁਕੰਮਲ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਸਬ-ਕਮੇਟੀ ਦਾ ਵੀ ਗਠਨ ਕੀਤਾ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਮਨਜੀਤ ਕੌਰ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਤੇ ਦਸਵੀਂ ਕਪਾਲ ਮੋਚਨ ਦੇ ਮੈਨੇਜਰ ਸ. ਹਰਵਿੰਦਰ ਸਿੰਘ ਨੂੰ ਸ਼ਾਮਲ ਕੀਤਾ ਹੈ।
ਉਨ੍ਹਾਂ ਜਾਰੀ ਇੱਕ ਬਿਆਨ ਵਿਚ ਆਖਿਆ ਕਿ ਗੁਰਦੁਆਰਾ ਸਾਹਿਬ ਵਿਚ ਲੁੱਟਮਾਰ ਦੀ ਘਟਨਾ ਕਾਨੂੰਨ ਵਿਵਸਥਾ ‘ਤੇ ਸਵਾਲੀਆਂ ਨਿਸ਼ਾਨ ਹੈ। ਉਨ੍ਹਾਂ ਕਿਹਾ ਕਿ ਗੁਰੂ-ਘਰ ਵਿਚ ਵਾਪਰੀ ਇਸ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰੋ. ਬਡੂੰਗਰ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਅਧਿਆਤਮਿਕਤਾ ਦੇ ਸੋਮੇ ਅਤੇ ਮਨੁੱਖਤਾ ਨੂੰ ਸਮਾਜਿਕ ਸਰੋਕਾਰਾਂ ਦੀ ਸਿੱਖਿਆ ਦੇਣ ਵਾਲੇ ਅਸਥਾਨ ਹੀ ਸੁਰੱਖਿਅਤ ਨਹੀਂ ਹੋਣਗੇ ਤਾਂ ਆਮ ਲੋਕਾਂ ਦੀ ਜੀਵਨ ਸੁਰੱਖਿਆ ਦਾ ਕੀ ਬਣੇਗਾ।