ਅੰਮ੍ਰਿਤਸਰ, ੨੯ ਅਗਸਤ ੨੦੧੭- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੁੱਜਰਵਾਲ ਅਤੇ ਹਾਂਸਕਲਾ ਵਿਖੇ ਬੀਤੇ ਕੱਲ੍ਹ ਸ਼ਰਾਰਤੀ ਅਨਸਰਾਂ ਵੱਲੋਂ ਗੁਰਬਾਣੀ ਦੇ ਗੁਟਕਿਆਂ ਦੀ ਕੀਤੀ ਬੇਅਦਬੀ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਪ੍ਰੋ: ਬਡੂੰਗਰ ਨੇ ਕਿਹਾ ਕਿ ਇਹ ਦੁੱਖਦਾਈ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਪੂਰੇ ਪੰਜਾਬ ਦੀ ਪੁਲਿਸ ਅਤੇ ਫੌਜ ਪੂਰੀ ਤਰ੍ਹਾਂ ਮੁਸ਼ਤੈਦ ਹੈ ਅਤੇ ਸੜਕਾਂ ਉਪਰ ਤਾਇਨਾਤ ਹੈ ਇਸ ਦੇ ਬਾਵਜੂਦ ਵੀ ਪਾਵਨ ਗੁਰਬਾਣੀ ਦੀ ਬੇਅਦਬੀ ਹੋਣਾ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰ ਕੇ ਫਿਰਕਾਪ੍ਰਸਤੀ ਦੀ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਰਕਾਰਾਂ ਅਤੇ ਪ੍ਰਸ਼ਾਸਨ ਕੋਈ ਵੀ ਅਜਿਹੀ ਪੁਖਤਾ ਕਾਰਵਾਈ ਨਹੀਂ ਕਰ ਰਹੇ ਜਿਸ ਨਾਲ ਅਜਿਹੀਆਂ ਘਟਨਾਵਾਂ ‘ਤੇ ਰੋਕ ਲੱਗ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਏਜੰਸੀਆਂ ਰਾਹੀਂ ਧਾਰਮਿਕ ਗ੍ਰੰਥਾਂ ਦੀ ਬੇਅਬਦੀ ਕਰਨ ਵਾਲੇ ਲੋਕਾਂ ਦਾ ਪਤਾ ਲਗਾਉਣ। ਪ੍ਰੋ: ਬਡੂੰਗਰ ਨੇ ਇਹ ਵੀ ਦੱਸਿਆ ਕਿ ਬੇਅਦਬੀ ਦੀ ਇਸ ਵਾਪਰੀ ਘਟਨਾ ਸਬੰਧੀ ਵਿਸਥਾਰਤ ਜਾਣਕਾਰੀ ਪ੍ਰਾਪਤ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰ ਸ. ਚਰਨ ਸਿੰਘ, ਗੁਰਦੁਆਰਾ ਆਲਮਗੀਰ ਸਾਹਿਬ ਦੇ ਮੈਨੇਜਰ ਸ. ਨਿਸ਼ਾਨ ਸਿੰਘ ਤੇ ਹੈਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਸਮੇਤ ਪ੍ਰਚਾਰਕਾਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਸਥਾਨਕ ਪੁਲਿਸ ਨੂੰ ਵੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਸਖਤ ਸਜ਼ਾਵਾਂ ਦੇਣ ਲਈ ਵੀ ਕਿਹਾ।
ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇੱਕ ਵਾਰ ਫਿਰ ਜਿਥੇ ਸਮੂਹ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਘਰਾਂ ਦੀ ਪਹਿਰੇਦਾਰੀ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਉਥੇ ਹੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਘਰਾਂ ਵਿਚ ਸੰਭਾਲੇ ਗੁਟਕਾ ਸਾਹਿਬ ਦੀ ਸੁਰੱਖਿਆ ਸਬੰਧੀ ਵੀ ਪੂਰਨ ਸੁਚੇਤ ਹੋਣ।