ਗਵਰਨਿੰਗ ਬਾਡੀ ਕਾਲਜ ਦਾ ਨਾਂ ਬਦਲਣ ਦੇ ਫੈਸਲੇ ‘ਤੇ ਮੁੜ ਵਿਚਾਰ ਕਰੇ –ਪ੍ਰੋ. ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ, 19 ਨਵੰਬਰ ( )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦਿਆਲ ਸਿੰਘ ਈਵਨਿੰਗ ਕਾਲਜ, ਨਵੀਂ ਦਿੱਲੀ ਦਾ ਨਾਂ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਇਸ ਸਬੰਧੀ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਜਿਹਾ ਹਰਗਿਜ ਨਹੀਂ ਹੋਣਾ ਚਾਹੀਦਾ ਜਿਸ ਨਾਲ ਇਤਿਹਾਸਕ ਵਿਰਾਸਤ ਦਾ ਖਾਤਮਾ ਹੁੰਦਾ ਹੋਵੇ। ਪ੍ਰੋ. ਬਡੂੰਗਰ ਨੇ ਕਾਲਜ ਦੀ ਗਵਰਨਿੰਗ ਬਾਡੀ ਵੱਲੋਂ ਲਏ ਇਸ ਫੈਸਲੇ ਨੂੰ ਗ਼ਲਤ ਕਰਾਰ ਦਿੰਦਿਆਂ ਇਸ ‘ਤੇ ਮੁੜ ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਆਖਿਆ ਕਿ ਦਿਆਲ ਸਿੰਘ ਕਾਲਜ ਦੀ ਹੋਂਦ ਖਤਮ ਕਰਨ ਦੀ ਥਾਂ ਹੋਰ ਨਵੀਂ ਬਿਲਡਿੰਗ ਉਸਾਰ ਕੇ ਉਸ ਦਾ ਨਾਂ ਜੋ ਮਰਜੀ ਰੱਖਿਆ ਜਾਂਦਾ ਤਾਂ ਕੋਈ ਇਤਰਾਜ਼ ਵਾਲੀ ਗੱਲ ਨਹੀਂ ਸੀ ਪਰ ਦਿਆਲ ਸਿੰਘ ਕਾਲਜ ਦੇ ਨਾਂ ਦਾ ਖਾਤਮਾ ਕਰ ਕੇ ਨਵਾਂ ਨਾਂ ਰੱਖਣਾ ਇੱਕ ਇਮਾਰਤ ਦੀ ਇਤਿਹਾਸਿਕਤਾ ਦਾ ਖਾਤਮਾ ਹੈ। ਉਨ੍ਹਾਂ ਕਾਲਜ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਵੱਲੋਂ ਨਵੇਂ ਨਾਂ ਨੂੰ ਭਗਤੀ ਭਾਵਨਾ ਨੂੰ ਹੁਲਾਰਾ ਦੇਣ ਵਾਲਾ ਕਹਿਣ ‘ਤੇ ਟਿੱਪਣੀ ਕੀਤੀ ਕਿ ਸਿੱਖਾਂ ਤੋਂ ਵੱਡਾ ਦੇਸ਼ ਭਗਤ ਹੋਰ ਕੌਣ ਹੋ ਸਕਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਭਾਰਤ ਦੀ ਧਰਤੀ ਲਈ ਖਾਲਸਾ ਪੰਥ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ ਹੈ। ਪਹਿਲਾਂ ਮੁਗਲਾਂ ਖਿਲਾਫ ਅਤੇ ਫਿਰ ਅੰਗਰੇਜ਼ਾਂ ਨਾਲ ਟੱਕਰ ਲੈ ਕੇ ਇਸ ਦੇਸ਼ ਦੇ ਇਤਿਹਾਸ, ਸਭਿਆਚਾਰ ਅਤੇ ਵਿਰਾਸਤ ਦੀ ਰਖਵਾਲੀ ਲਈ ਸਿੱਖ ਕੌਮ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਤੇ ਜਦੋਂ ਵੀ ਕੋਈ ਸੰਕਟ ਆਇਆ ਤਾਂ ਸਿੱਖ ਹਮੇਸ਼ਾਂ ਮੋਹਰੀ ਰਹੇ। ਇਸ ਲਈ ਦਿਆਲ ਸਿੰਘ ਦੇ ਨਾਂ ‘ਤੇ ਕਾਲਜ ਦੀ ਹੋਂਦ ਭਗਤੀ ਭਾਵਨਾ ਦਾ ਬਿਹਤਰ ਪ੍ਰਗਟਾਵਾ ਹੈ ਜਿਸ ਨੂੰ ਖਤਮ ਨਹੀਂ ਕਰਨਾ ਚਾਹੀਦਾ।