sਅੰਮ੍ਰਿਤਸਰ : 2 ਦਸੰਬਰ (        )  ਦਾਨਸ਼ਵਰ, ਪੰਥਕ ਵਿਦਵਾਨ ਤੇ ਸਿੱਖ ਮਾਮਲਿਆਂ ਪ੍ਰਤੀ ਪ੍ਰਬੁੱਧ ਸੂਝ ਰੱਖਣ ਵਾਲੇ ਪ੍ਰੋ:ਕਿਰਪਾਲ ਸਿੰਘ ਬਡੂੰਗਰ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਨਾਲ ਯੂਰਪੀ ਸਿੱਖਾਂ ਵੱਲੋਂ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਸਬੰਧੀ ਧਾਰਮਿਕ ਖੇਤਰ ਵਿਚ ਸਰਗਰਮ ਪ੍ਰਮੁੱਖ ਸ਼ਖਸੀਅਤ ਭਾਈ ਨਿਰਮਲ ਸਿੰਘ ਨੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਵਧਾਈ ਸੰਦੇਸ਼ ਭੇਜਦਿਆਂ ਆਸ ਪ੍ਰਗਟਾਈ ਹੈ ਕਿ ਉਹ ਆਪਣੀ ਲਿਆਕਤ ਤੇ ਸੂਝ-ਬੂਝ ਨਾਲ ਪੰਥ ਨੂੰ ਦਰਪੇਸ਼ ਮਸਲਿਆਂ ਦਾ ਸਮਾਧਾਨ ਕਰਕੇ ਪੰਥਕ ਏਕਤਾ ਤੇ ਚੜ੍ਹਦੀ ਕਲਾ ਦਾ ਮਾਹੌਲ ਸਿਰਜਣ ਵਿਚ ਜ਼ਰੂਰ ਸਫਲ ਹੋਣਗੇ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਯੂਰਪੀ ਸਿੱਖਾਂ ਦੇ ਧਾਰਮਿਕ ਮੁੱਦਿਆਂ ਖਾਸ ਕਰਕੇ ਦਸਮ ਗ੍ਰੰਥ ਦੇ ਮਸਲੇ ਕਾਰਨ ਭਰਾ-ਮਾਰੂ ਜੰਗ ਵਾਲੇ ਬਣ ਰਹੇ ਮਾਹੌਲ ਨੂੰ ਦੂਰ ਕਰਨ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਸਬੰਧੀ ਅੱਜ ਜਰਮਨ ਨਿਵਾਸੀ ਭਾਈ ਜਸਕਰਨ ਸਿੰਘ ਬੋਪਾਰਾਏ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਮਿਲ ਕੇ ਯੂਰਪੀ ਸਿੱਖਾਂ ਦੇ ਧਾਰਮਿਕ ਮਸਲਿਆਂ ਤੋਂ ਜਾਣੂੰ ਕਰਵਾਇਆ ਅਤੇ ਸ਼੍ਰੋਮਣੀ ਕਮੇਟੀ ਤੋਂ ਉਨ੍ਹਾਂ ਦੇ ਹੱਲ ਲਈ ਸਹਿਯੋਗ ਮੰਗਿਆ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਪੰਥ ਦੀ ਸਿਰਮੌਰ ਸੰਸਥਾ ਦਾ ਸੇਵਾਦਾਰ ਹੋਣ ਨਾਤੇ ਉਨ੍ਹਾਂ ਵੱਲੋਂ ਸਭਨਾਂ ਦਾ ਸਹਿਯੋਗ ਲੈ ਕੇ ਪੰਥ ਦੀ ਚੜ੍ਹਦੀ ਕਲਾ ਲਈ ਭਰਪੂਰ ਉਪਰਾਲੇ ਕੀਤੇ ਜਾਣਗੇ।