ਅੰਮ੍ਰਿਤਸਰ : 3 ਜੂਨ ( ) ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਜੋੜਮੇਲ ਸਮੇਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ-ਦੀਦਾਰਿਆਂ ਲਈ ਜਥਾ ਨਾ ਭੇਜਣ ਲਈ ਸ਼੍ਰੋਮਣੀ ਕਮੇਟੀ ਨਹੀਂ ਬਲਕਿ ਪਾਕਿਸਤਾਨ ਸਰਕਾਰ ਤੇ ਹਾਈ ਕਮਿਸ਼ਨ ਜਿੰਮੇਵਾਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਗਰ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਨਾ ਭੇਜਣ ਦਾ ਰੋਸ ਹੈ ਤਾਂ ਉਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਕੇ ਪਾਕਿਸਤਾਨ ਸਰਕਾਰ ਅਤੇ ਹਾਈ ਕਮਿਸਨ ਨਾਲ ਗੱਲਬਾਤ ਰਾਹੀਂ ਮਸਲਾ ਹੱਲ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬੀ ਸਿੱਖ ਸੰਗਤ ਦੇ ਪ੍ਰਧਾਨ ਸ੍ਰ: ਗੋਪਾਲ ਸਿੰਘ ਚਾਵਲਾ ਵੱਲੋਂ ਮੀਡੀਏ ਵਿੱਚ ਦਿੱਤੇ ਗਏ ਬਿਆਨ ਦੇ ਮੱਦੇ ਨਜ਼ਰ ਜਵਾਬ ਦੇਂਦਿਆਂ ਕਿਹਾ ਕਿ ਉਹ ਬਿਨਾ ਸੋਚੇ ਸਮਝੇ ਬਿਆਨ ਦੇਣ ਤੋਂ ਸੰਕੋਚ ਕਰਨ ਤੇ ਪਹਿਲਾਂ ਇਹ ਜਾਨਣ ਦੀ ਕੋਸ਼ਿਸ਼ ਕਰਨ ਕਿ ਵੀਜੇ ਸਮੇਂ ਸਿਰ ਨਾ ਦੇਣ ਵਿੱਚ ਸ਼੍ਰੋਮਣੀ ਕਮੇਟੀ ਦਾ ਕਸੂਰ ਹੈ ਜਾਂ ਪਾਕਿਸਤਾਨ ਸਰਕਾਰ ਜਾਂ ਹਾਈ ਕਮਿਸ਼ਨ ਦਾ! ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਜੋ ਪੱਤਰਕਾ ਵੀਜੇ ਜਾਰੀ ਕਰਨ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਲਿਖੀ ਗਈ ਸੀ ਉਸ ਦੀ ਇਕ ਕਾਪੀ ਪਾਕਿਸਤਾਨ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਭੇਜੀ ਗਈ ਸੀ, ਪਰ ਉਨ੍ਹਾਂ ਸ਼ਾਇਦ ਉਸ ਸਮੇਂ ਪਾਕਿਸਤਾਨ ਸਰਕਾਰ ਜਾਂ ਹਾਈ ਕਮਿਸ਼ਨ ਨਾਲ ਕੋਈ ਰਾਫ਼ਤਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਸਰਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਪਹਿਲੇ ਕੈਲੰਡਰ ਦਾ ਹਵਾਲਾ ਦੇ ਕੇ ਹਰ ਵਾਰ ਵੀਜਾ ਦੇਣ ਵਿੱਚ ਦੇਰੀ ਕਰਦੀ ਆਈ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੋਰ ਗੁਰਪੁਰਬਾਂ ਤੇ ਦਿਨ ਦਿਹਾੜੇ ਮਨਾਉਣ ਸਮੇਂ ਵੀ ਪਾਕਿਸਤਾਨ ਹਾਈ ਕਮਿਸ਼ਨ ਨੂੰ ਵੀਜ਼ੇ ਲਗਵਾਉਣ ਸਬੰਧੀ ਰਾਬਤਾ ਕਾਇਮ ਕੀਤਾ ਜਾਂਦਾ ਹੈ। ਉਦੋਂ ਤਾਂ ਕੋਈ ਅੜਿੱਕਾ ਨਹੀਂ ਪਾਇਆ ਜਾਂਦਾ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਮੇਂ ਹੀ ਹਰ ਵਾਰ ਬਾਧਾ ਕਿਉਂ ਖੜੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੰਮਤ 548 ਕੈਲੰਡਰ ਦਾ ਮਸਲਾ ਅਲੱਗ ਹੈ, ਉਸਦਾ ਪਾਕਿਸਤਾਨ ਸਰਕਾਰ ਜਾਂ ਹਾਈ ਕਮਿਸ਼ਨ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਦੇ ਨਿਜੀ ਮਸਲਿਆਂ ਵਿੱਚ ਵੀਜੇ ਦੇਣ ਸਬੰਧੀ ਅੜਿੱਚਣ ਨਹੀਂ ਬਨਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖ ਕੌਮ ਦੀ ਵੱਡੀ ਸੰਸਥਾ ਨੂੰ ਅੱਖੋਂ-ਪਰੋਖੇ ਕਰ ਕੇ ਕੁਝ ਅਜਿਹੀਆਂ ਸ਼ਕਤੀਆਂ ਨੂੰ ਹੱਲਾ-ਸ਼ੇਰੀ ਦੇ ਰਹੀ ਹੈ ਜੋ ਸਿੱਖ ਕੌਮ ਨੂੰ ਵੰਡਣ ਵਿਚ ਰੁੱਝੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੋਰ ਤੇ ਸਰਬ-ਪ੍ਰਵਾਨਿਤ ਸੰਸਥਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਾਹਿਰਾਂ ਦੀ ਰਾਏ ਨਾਲ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਜੋ ਕੈਲੰਡਰ ਸੋਧ ਕਰਕੇ ਜਾਰੀ ਕੀਤਾ ਜਾਂਦਾ ਹੈ ਉਹ ਹੀ ਸਰਬ ਪ੍ਰਵਾਨਿਤ ਕੈਲੰਡਰ ਹੈ ਤੇ ਪਾਕਿਸਤਾਨ ਸਰਕਾਰ ਨੂੰ ਇਸ ਕੈਲੰਡਰ ਅਨੁਸਾਰ ਹੀ ਵੀਜੇ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਕੈਲੰਡਰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਵਿਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਦਿਨ-ਦਿਹਾੜੇ ਵੀ ਉਸ ਅਨੁਸਾਰ ਹੀ ਮਨਾਏ ਜਾਂਦੇ ਹਨ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਤਰੀਕਾਂ ਦੀਆਂ ਹੱਦਬੰਦੀਆਂ ਛੱਡ ਕੇ ਪਾਕਿਸਤਾਨ ਵਿਖੇ ਗੁਰਪੁਰਬ ਤੇ ਦਿਨ ਦਿਹਾਵੇ ਮਨਾਉਣ ਲਈ ਸਿੱਖ ਸੰਗਤਾਂ ਦੇ ਵੀਜੇ ਦੇਣ ਵਿੱਚ ਖੁੱਲ੍ਹੀ ਨੀਤੀ ਲਾਗੂ ਕਰੇ ਤਾਂ ਜੋ ਸੰਗਤਾਂ ਆਪਣੇ ਗੁਰਧਾਮਾ ਦੇ ਦਰਸ਼ਨ-ਦੀਦਾਰੇ ਕਰ ਸਕਣ ਤੇ ਇਸ ਨਾਲ ਆਪਸੀ ਭਾਈਚਾਰਕ ਸਾਂਝ ਵੀ ਬਣੀ ਰਹੇ।