ਅੰਮ੍ਰਿਤਸਰ 30 ਜੂਨ- ‘ਮੈਨੂੰ ਪਾਲਕੀ ਸਾਹਿਬ ਦੀ ਸੇਵਾ ਵਿਚ ਹਿੱਸਾ ਲੈ ਕੇ ਊਰਜਾਮਈ ਅਨੁਭਵ ਹੋਇਆ ਹੈ। ਮਨ ਤੇ ਆਤਮਾ ਪਵਿੱਤਰ ਹੋਈ ਹੈ। ਮੈਂ ਅੱਜ ਤੱਕ ਇਸ ਵਰਗਾ ਕੋਈ ਅਸਥਾਨ ਨਹੀਂ ਦੇਖਿਆ ਜਿਥੇ ਲੱਖਾਂ ਲੋਕਾਂ ਦੀ ਆਮਦ ਹੋਣ ਦੇ ਬਾਵਜੂਦ ਵੀ ਏਨੀ ਸਫ਼ਾਈ ਹੋਵੇ। ਗੁਰੂ ਸਾਹਿਬ ਦੀ ਅਸੀਸ ਸਾਰੀ ਮਨੁੱਖਤਾ ਲਈ ਹੈ।’ ਇਹ ਸ਼ਬਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ੍ਰੀ ਕ੍ਰਿਸ਼ਨਾ ਮੁਰਾਰੀ ਨੇ ਸ਼ਨਿੱਚਰਵਾਰ ਨੂੰ ਤੜਕੇ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਯਾਤਰੂ ਬੁੱਕ ਵਿਚ ਆਪਣੇ ਅਨੁਭਵ ਦਰਜ਼ ਕਰਦਿਆਂ ਬਿਆਨ ਕੀਤੇ। ਸ੍ਰੀ ਕ੍ਰਿਸ਼ਨਾ ਮੁਰਾਰੀ ਆਪਣੀ ਪਤਨੀ ਸ੍ਰੀਮਤੀ ਰੂਪਮ ਸ੍ਰੀਵਾਸਤਵ ਸਮੇਤ ਮਨੁੱਖਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਵੇਰੇ ੩:੩੦ ਵਜੇ ਪਹੁੰਚੇ ਅਤੇ ਉਨ੍ਹਾਂ ਨੇ ਪਾਲਕੀ ਸਾਹਿਬ ਦੀ ਸੇਵਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਮੌਕੇ ਲੰਮਾ ਸਮਾਂ ਸੱਚਖੰਡ ਵਿਖੇ ਹਾਜ਼ਰੀ ਭਰੀ ਅਤੇ ਉਨ੍ਹਾਂ ਕੜਾਹ ਪ੍ਰਸ਼ਾਦ ਦੀ ਦੇਗ ਵੀ ਕਰਵਾਈ। ਪਰਕਰਮਾ ਕਰਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਇਥੇ ਸਥਿਤ ਹੋਰ ਪਾਵਨ ਅਸਥਾਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੀ ਕ੍ਰਿਸ਼ਨਾ ਮੁਰਾਰੀ ਤੇ ਉਨ੍ਹਾਂ ਦੀ ਪਤਨੀ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਕਮੇਟੀ ਮੈਂਬਰ ਸ. ਭਗਵੰਤ ਸਿੰਘ ਸਿਆਲਕਾ ਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਾਂਝੇ ਤੌਰ ‘ਤੇ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਭਗਵੰਤ ਸਿੰਘ ਸਿਆਲਕਾ ਤੇ ਡਾ. ਰੂਪ ਸਿੰਘ ਤੋਂ ਇਲਾਵਾ ਮੀਤ ਸਕੱਤਰ ਸ. ਸੁਲੱਖਣ ਸਿੰਘ ਭੰਗਾਲੀ, ਮੈਨੇਜਰ ਸ. ਮੁਖਤਾਰ ਸਿੰਘ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਤੇ ਸ. ਸੁਖਰਾਜ ਸਿੰਘ, ਐਡਵੋਕੇਟ ਜਨਰਲ ਸ੍ਰੀ ਅਤੁੱਲ ਨੰਦਾ, ਰਜਿਸਟਰਾਰ ਜਨਰਲ ਸ੍ਰੀ ਅਰੁਣ ਕੁਮਾਰ ਤਿਆਗੀ, ਸ੍ਰੀ ਰਾਜਿੰਦਰ ਅਗਰਵਾਲ ਪ੍ਰਿੰਸੀਪਲ ਸਕੱਤਰ, ਸ੍ਰੀ ਵਰਿੰਦਰ ਕਾਲੜਾ ਪ੍ਰਿੰਸੀਪਲ ਸਕੱਤਰ, ਸ. ਜਗਜੀਤ ਸਿੰਘ ਵਾਲੀਆ ਐਸ.ਪੀ., ਸ. ਭਗਵੰਤ ਸਿੰਘ ਥਾਣਾ ਗਲਿਆਰਾ ਮੁਖੀ ਸਮੇਤ ਹੋਰ ਮੌਜੂਦ ਸਨ।