ਜੇਕਰ ਗਲਤੀਆਂ ਨਾ ਸੁਧਾਰੀਆਂ ਤਾਂ ਸ਼੍ਰੋਮਣੀ ਕਮੇਟੀ ਆਪਣੇ ਮੈਂਬਰ ਵਾਪਸ ਲੈਣ ਲਈ ਮਜਬੂਰ ਹੋਵੇਗੀ-ਭਾਈ ਲੌਂਗੋਵਾਲ

ਅੰਮ੍ਰਿਤਸਰ, ੯ ਸਤੰਬਰ- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ੧੨ਵੀਂ ਜਮਾਤ ਦੀ ਨਵੀਂ ਤਿਆਰ ਕੀਤੀ ਜਾ ਰਹੀ ਇਤਿਹਾਸ ਦੀ ਪੁਸਤਕ ਵਿਚ ਮੁੜ ਗਲਤੀਆਂ ਦਾ ਮਾਮਲਾ ਸਾਹਮਣੇ ਆਉਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਇਤਰਾਜ ਪ੍ਰਗਟ ਕੀਤਾ ਹੈ। ਜਾਰੀ ਇੱਕ ਬਿਆਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਇਹ ਬੇਹੱਦ ਦੁੱਖ ਦੀ ਗੱਲ ਹੈ ਪੰਜਾਬ ਸਰਕਾਰ ਵੱਲੋਂ ਨਵੇਂ ਤਿਆਰ ਕੀਤੇ ਗਏ ਸਿਲੇਬਸ ਨੂੰ ਆਨਲਾਈਨ ਕਰਨ ਤੋਂ ਪਹਿਲਾਂ ਵਾਚਿਆ ਨਹੀਂ ਜਾ ਰਿਹਾ ਅਤੇ ਗੁਰਬਾਣੀ ਸਮੇਤ ਗੁਰੂ ਸਾਹਿਬਾਨ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਨਾਵਾਂ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ ਅਤੇ ਜੇਕਰ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਜਿਹਾ ਚਲਣ ਜਾਰੀ ਰੱਖਿਆ ਤਾਂ ਸ਼੍ਰੋਮਣੀ ਕਮੇਟੀ ਸਿਲੇਬਸ ਸਬੰਧੀ ਕਮੇਟੀ ਵਿੱਚੋਂ ਆਪਣੇ ਮੈਂਬਰ ਵਾਪਸ ਲੈਣ ਲਈ ਮਜਬੂਰ ਹੋਵੇਗੀ।