ਅੰਮ੍ਰਿਤਸਰ 12 ਅਪ੍ਰੈਲ (      ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬੀਤੇ ਕੱਲ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀਆਂ ਨਾਲ ਕੁੱਟਮਾਰ ਦੀ ਘਟਨਾ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਗਿਆਨ ਦੇ ਕੇਂਦਰ ਅੰਦਰ ਅਜਿਹਾ ਟਕਰਾਅ ਵਾਲਾ ਮਾਹੌਲ ਠੀਕ ਨਹੀਂ ਹੈ।ਉਨ੍ਹਾਂ ਆਖਿਆ ਕਿ ਸਖ਼ਤੀ ਨਾਲ ਵਿਦਿਆਰਥੀਆਂ ਨੂੰ ਦਬਾਉਣ ਦੀ ਥਾਂ ਗੱਲਬਾਤ ਰਾਹੀਂ ਮਾਮਲਾ ਹੱਲ ਕਰਨਾ ਚਾਹੀਦਾ ਹੈ।
ਪ੍ਰੋ. ਬਡੂੰਗਰ ਨੇ ਆਖਿਆ ਕਿ ਫੀਸਾਂ ਘੱਟ ਕਰਨ ਦੀ ਮੰਗ ਕਰ ਰਹੇ ਵਿਦਿਆਰਥੀਆਂ ‘ਤੇ ਪੁਲਿਸ ਵੱਲੋਂ ਲਾਠੀਚਾਰਜ ਦੌਰਾਨ ਗੁਰੂ-ਘਰ ਵਿਖੇ ਸ਼ਰਨ ਲੈਣ ਵਾਲੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਨ ਸਮੇਂ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਦੀਆਂ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ।ਜੇਕਰ ਅਜਿਹਾ ਵਾਪਰਿਆ ਹੈ ਤਾਂ ਇਹ ਗਲਤ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਮੁਕੰਮਲ ਪੜਤਾਲ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਕ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਅਵਤਾਰ ਸਿੰਘ ਚੰਡੀਗੜ੍ਹ, ਗੁਰਦੁਆਰਾ ਸ੍ਰੀ ਨਾਢਾ ਸਾਹਿਬ ਪੰਚਕੂਲਾ ਦੇ ਹੈੱਡ ਗ੍ਰੰਥੀ ਗਿਆਨੀ ਜਗਜੀਤ ਸਿੰਘ ਅਤੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੇ ਕਥਾਵਾਚਕ ਗਿਆਨੀ ਅਤਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।