sਅੰਮ੍ਰਿਤਸਰ 13 ਨਵੰਬਰ (     ) ਮਹਾਂਬਲੀ, ਕਥਨੀ-ਕਰਨੀ ਦੇ ਸੂਰੇ, ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ੧੪ ਨਵੰਬਰ ੨੦੧੬ ਦਿਨ ਸੋਮਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਸ੍ਰੀ ਅੰਮ੍ਰਿਤਸਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।

ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ੧੪ ਨਵੰਬਰ ੨੦੧੬ ਨੂੰ ਅੰਮ੍ਰਿਤ ਵੇਲੇ ੨ ਤੋਂ ੫ ਵਜੇ ਤੀਕ ਸੰਗਤਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਗੀਆਂ।ਸਵੇਰੇ ੫ ਤੋਂ ੮ ਵਜੇ ਤੀਕ ਆਸਾ ਜੀ ਦੀ ਵਾਰ ਦਾ ਕੀਰਤਨ ਹੋਵੇਗਾ।ਸਵੇਰੇ ੮:੩੦ ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਤੇ ੯:੩੦ ਵਜੇ ਤੀਕ ਸ਼ਹੀਦੀ ਪ੍ਰਸੰਗ ਦੀ ਕਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ ਕਰਨਗੇ।ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜੇਗਾ, ਜਿਸ ਵਿੱਚ ਪੰਥ ਪ੍ਰਸਿੱਧ ਢਾਡੀ, ਕਵੀਸ਼ਰੀ ਜਥੇ ਅਤੇ ਪ੍ਰਚਾਰਕ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਸਬੰਧੀ ਪ੍ਰਸੰਗ/ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।ਦੁਪਹਿਰ ੧੨ ਤੋਂ ੨ ਵਜੇ ਤੀਕ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਪੰਥ-ਪ੍ਰਸਿੱਧ ਕਵੀ ਆਪਣੀਆਂ ਕਵਿਤਾਵਾਂ ਰਾਹੀਂ ਬਾਬਾ ਜੀ ਦੇ ਜੀਵਨ ‘ਤੇ ਰੌਸ਼ਨੀ ਪਾਉਣਗੇ।

ਸ. ਬੇਦੀ ਨੇ ਦੱਸਿਆ ਕਿ ਸ਼ਾਮ ੪ ਵਜੇ ਵਿਸ਼ੇਸ਼ ਗੁਰਮਤਿ ਸਮਾਗਮ ਆਰੰਭ ਹੋਵੇਗਾ ਜਿਸ ਵਿੱਚ ਭਾਈ ਹਰਨਾਮ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸਤਪਾਲ ਸਿੰਘ ਕਥਾਵਾਚਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਭਾਈ ਅਵਤਾਰ ਸਿੰਘ ਬੋਦਲਾਂ ਵਾਲੇ, ਭਾਈ ਦਵਿੰਦਰ ਸਿੰਘ ਤੇ ਭਾਈ ਗੁਲਬਾਗ ਸਿੰਘ ਜਲੰਧਰ, ਭਾਈ ਹਰਵਿੰਦਰ ਸਿੰਘ ਲਿਟਲ, ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਮਹਿੰਦਰਜੀਤ ਸਿੰਘ ਦਿੱਲੀ, ਭਾਈ ਤਰਜਿੰਦਰ ਸਿੰਘ ਅੰਮ੍ਰਿਤਸਰ ਸੰਗੀਤ ਸਭਾ, ਭਾਈ ਮਲਕੀਤ ਸਿੰਘ ਪਪਰਾਲੀ ਢਾਡੀ ਜਥਾ ਅਤੇ ਭਾਈ ਚੰਨਣ ਸਿੰਘ ਚਮਨ ਹਰਿਗੋਬਿੰਦਪੁਰੀ ਕਵੀ ਧੁਰ ਕੀ ਬਾਣੀ ਦੇ ਕੀਰਤਨ, ਬੀਰ-ਰਸੀ ਵਾਰਾਂ ਤੇ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।ਸ. ਬੇਦੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਗੁਰਮਤਿ ਸਮਾਗਮਾਂ ਸਮੇਂ ਪਰਿਵਾਰਾਂ ਸਮੇਤ ਗੁਰੂ-ਘਰ ਹਾਜ਼ਰੀਆਂ ਭਰ ਕੇ ਜੀਵਨ ਸਫ਼ਲਾ ਕਰਨ।